40 ਗੇਂਦਾਂ 'ਚ ਬਣਾਈਆਂ 109 ਦੌੜਾਂ! ਨਵਾਂ ਰਿਕਾਰਡ ਵੀ ਬਣਾਇਆ, ਫਿਰ ਵੀ ਹਾਰ ਗਈ ਟੀਮ

40 ਗੇਂਦਾਂ 'ਚ ਬਣਾਈਆਂ 109 ਦੌੜਾਂ! ਨਵਾਂ ਰਿਕਾਰਡ ਵੀ ਬਣਾਇਆ, ਫਿਰ ਵੀ ਹਾਰ ਗਈ ਟੀਮ

ਸਪੋਰਟਸ ਡੈਸਕ- ਇਕ ਪਾਸੇ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਚੱਲ ਰਹੀ ਟੀ-20 ਸੀਰੀਜ਼ 'ਚ ਵੱਡੇ ਸਕੋਰ ਖੜ੍ਹੇ ਕਰਨਾ ਮੁਸ਼ਕਿਲ ਸਾਬਿਤ ਹੋ ਰਿਹਾ ਹੈ ਤਾਂ ਉਥੇ ਹੀ ਗੁਆਂਢੀ ਦੇਸ਼ ਨਿਊਜ਼ੀਲੈਂਡ 'ਚ ਚੱਲ ਰਹੀ ਟੀ-20 ਸੀਰੀਜ਼ 'ਚ ਤੂਫਾਨੀ ਬੱਲੇਬਾਜ਼ੀ ਦੇਖਣ ਨੂੰ ਮਿਲ ਰਹੀ ਹੈ। ਨਿਊਜ਼ੀਲੈਂਡ ਅਤੇ ਵੈਸਟ ਇੰਡੀਜ਼ ਵਿਚਾਲੇ ਚੱਲ ਰਹੀ ਟੀ-20 ਸੀਰੀਜ਼ ਦੇ ਦੂਜੇ ਮੈਚ 'ਚ ਚੌਕੇ-ਛੱਕਿਆਂ ਦੀ ਬਰਸਾਤ ਦੇਖਣ ਨੂੰ ਮਿਲੀ। ਆਕਲੈਂਡ 'ਚ ਖੇਡੇ ਗਏ ਇਸ ਮੈਚ 'ਚ ਵੈਸਟ ਇੰਡੀਜ਼ ਨੇ ਤਾਂ ਸਿਰਫ 40 ਗੇਂਦਾਂ 'ਚ 109 ਦੌੜਾਂ ਬਣਾ ਦਿੱਤੀਆਂ ਪਰ ਇਸਦੇ ਬਾਵਜੂਦ ਉਸਨੂੰ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਆਕਲੈਂਡ ਵਿੱਚ ਵੀਰਵਾਰ, 6 ਨਵੰਬਰ ਨੂੰ ਖੇਡੇ ਗਏ ਇਸ ਮੈਚ ਵਿੱਚ ਵੈਸਟ ਇੰਡੀਜ਼ ਨੂੰ ਜਿੱਤ ਲਈ 208 ਦੌੜਾਂ ਦਾ ਟੀਚਾ ਮਿਲਿਆ ਸੀ। ਜਵਾਬ ਵਿੱਚ ਟੀਮ ਨੇ ਆਪਣੀ ਪਹਿਲੀ ਵਿਕਟ ਸਿਰਫ਼ ਤਿੰਨ ਗੇਂਦਾਂ ਵਿੱਚ ਗੁਆ ਦਿੱਤੀ ਅਤੇ ਕਪਤਾਨ ਸ਼ਾਈ ਹੋਪ ਸਮੇਤ 6 ਵਿਕਟਾਂ 13ਵੇਂ ਓਵਰ ਤੱਕ ਡਿੱਗ ਗਈਆਂ, ਜਿਸ ਨਾਲ ਸਕੋਰ 93 ਦੌੜਾਂ 'ਤੇ ਸੀ। ਉੱਥੋਂ, ਵੈਸਟ ਇੰਡੀਜ਼ ਦੀ ਹਾਰ ਯਕੀਨੀ ਜਾਪਦੀ ਸੀ ਪਰ ਫਿਰ, ਸਾਬਕਾ ਕਪਤਾਨ ਰੋਵਮੈਨ ਪਾਵੇਲ ਅਤੇ ਆਲਰਾਊਂਡਰ ਰੋਮਾਰੀਓ ਸ਼ੈਫਰਡ ਨੇ ਚੌਕਿਆਂ ਅਤੇ ਛੱਕਿਆਂ ਦੀ ਇੱਕ ਬਰਸਾਤ ਕਰ ਦਿੱਤੀ। ਸ਼ੈਫਰਡ ਅਤੇ ਪਾਵੇਲ ਨੇ 24 ਗੇਂਦਾਂ ਵਿੱਚ 62 ਦੌੜਾਂ ਦੀ ਸਾਂਝੇਦਾਰੀ ਕੀਤੀ।

40 ਗੇਂਦਾਂ 'ਚ ਬਣਾਈਆਂ 109 ਦੌੜਾਂ, ਫਿਰ ਇੰਝ ਮਿਲੀ ਹਾਰ

ਇਸ ਤੋਂ ਬਾਅਦ ਪਾਵੇਲ ਅਤੇ ਮੈਥਿਊ ਕੋਰਡ ਨੇ ਵੀ ਤੂਫਾਨੀ ਪਾਰੀ ਜਾਰੀ ਰੱਖੀ ਅਤੇ 19.3 ਓਵਰਾਂ ਤਕ ਹੀ ਟੀਮ ਨੂੰ 202 ਦੌੜਾਂ ਤਕ ਪਹੁੰਚਾ ਦਿੱਤਾ ਸੀ। ਕੁੱਲ ਮਿਲਾ ਕੇ ਵਿੰਡੀਜ਼ ਬੱਲੇਬਾਜ਼ਾਂ ਨੇ 13.5 ਤੋਂ 19.3 ਓਵਰਾਂ ਤਕ 40 ਗੇਂਦਾਂ 'ਚ 109 ਦੌੜਾਂ ਬਣਾ ਦਿੱਤੀਆਂ। ਇਸਦੇ ਬਾਵਜੂਦ ਟੀਮ ਨੂੰ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸਦੀ ਵਜ੍ਹਾ ਸੀ ਪਾਵੇਲ ਦੀ ਵਿਕਟ। ਆਖਰੀ 3 ਗੇਂਦਾਂ 'ਚ ਵੈਟਸ ਇੰਡੀਜ਼ ਨੂੰ ਸਿਰਫ 6 ਦੌੜਾਂ ਦੀ ਲੋੜ ਸੀ ਪਰ ਇੱਥੇ ਹੀ ਓਵਰ ਦੀ ਚੌਥੀ ਗੇਂਦ 'ਤੇ ਪਾਵੇਲ ਛੱਕਾ ਮਾਰਨ ਦੀ ਕੋਸ਼ਿਸ਼ 'ਚ ਕੈਚ ਆਊਟ ਹੋ ਗਏ। ਫਿਰ ਅਗਲੀਆਂ 2 ਗੇਂਦਾਂ 'ਚ ਸਿਰਫ 2 ਦੌੜਾਂ ਹੀ ਆਈਆਂ ਅਤੇ ਇਸ ਤਰ੍ਹਾਂ ਵੈਸਟ ਇੰਡੀਜ਼ 3 ਦੌੜਾਂ ਨਾਲ ਹਾਰ ਗਈ। ਪਾਵੇਲ ਨੇ ਸਿਰਪ 16 ਗੇਂਦਾਂ 'ਚ 45 ਦੌੜਾਂ ਬਣਾਈਆਂ, ਜਿਸ ਵਿਚ 6 ਛੱਕੇ ਅਤੇ 1 ਚੌਕਾ ਸ਼ਾਮਲ ਸੀ, ਜਦੋਂਕਿ ਸ਼ੇਫਰਡ ਨੇ 16 ਗੇਂਦਾਂ 'ਚ 34 ਦੌੜਾਂ (1 ਚੌਕਾ, 4 ਛੱਕੇ) ਅਤੇ ਫੋਰਡ ਨੇ 13 ਗੇਂਦਾਂ 'ਚ 29 ਦੌੜਾਂ (2 ਚੌਕੇ, 2 ਛੱਕੇ) ਜੜੇ। 

ਬਣਾਇਆ ਨਵਾਂ ਵਰਲਡ ਰਿਕਾਰਡ

ਵੈਸਟ ਇੰਡੀਜ਼ ਨੇ 14.5 ਓਵਰਾਂ ਤੋਂ 19.5 ਓਵਰਾਂ ਵਿਚਕਾਰ ਯਾਨੀ ਕੁੱਲ 5 ਓਵਰਾਂ ਦੀ ਖੇਡ 'ਚ 87 ਦੌੜਾਂ ਬਣਾਈਆਂ। ਇਸ ਤਰ੍ਹਾਂ ਇਹ ਟੀ-20 ਇੰਟਰਨੈਸ਼ਨਲ 'ਚ ਕੁੱਲ ਮੈਂਬਰਜ਼ ਟੀਮ ਵਿਚਾਲੇ ਖੇਡੇ ਗਏ ਕਿਸੇ ਵੀ ਮੈਚ 'ਚ ਆਖਰੀ 5 ਓਵਰਾਂ 'ਚ ਬਣੀਆਂ ਸਭ ਤੋਂ ਜ਼ਿਆਦਾ ਦੌੜਾਂ ਦਾ ਨਵਾਂ ਰਿਕਾਰਡ ਵੀ ਹੈ। ਇਸਤੋਂ ਪਹਿਲਾਂ ਇਹ ਰਿਕਾਰਡ ਇੰਗਲੈਂਡ ਦੇ ਨਾਂ ਸੀ, ਜਿਸਨੇ ਵੈਸਟ ਇੰਡੀਜ਼ ਖਿਲਾਫ 2023 'ਚ ਆਖਰੀ 5 ਓਵਰਾਂ 'ਚ 86 ਦੌੜਾਂ ਬਣਾਈਆਂ ਸਨ। ਹਾਲਾਂਕਿ, ਇਹ ਰਿਕਾਰਡ ਵੀ ਉਸਨੂੰ ਜਿੱਤ ਨਹੀਂ ਦਿਵਾ ਸਕਿਆ। 

Credit : www.jagbani.com

  • TODAY TOP NEWS