ਨੈਸ਼ਨਲ ਡੈਸਕ — ਮੁੰਬਈ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੈਂਡਹਰਸਟ (Sandhurst) ਰੋਡ ਸਟੇਸ਼ਨ ਦੇ ਨੇੜੇ ਪਟੜੀਆਂ 'ਤੇ ਧਰਨਾ ਦੇ ਰਹੇ ਲੋਕਾਂ ਵਿੱਚੋਂ ਤਿੰਨ ਵਿਅਕਤੀਆਂ ਦੀ ਟ੍ਰੇਨ ਹੇਠਾਂ ਆ ਕੇ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਸੀਐਸਟੀ (CST) 'ਤੇ ਰੇਲਵੇ ਮੋਟਰਮੈਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਸਟੇਸ਼ਨ 'ਤੇ ਭਾਰੀ ਭੀੜ ਇਕੱਠੀ ਹੋ ਗਈ ਸੀ।
ਇਸ ਦੌਰਾਨ, ਅੰਬਰਨਾਥ ਫਾਸਟ ਲੋਕਲ ਟ੍ਰੇਨ ਤੇਜ਼ ਰਫ਼ਤਾਰ ਨਾਲ ਆਈ ਅਤੇ ਪਟੜੀਆਂ 'ਤੇ ਚੱਲ ਰਹੇ ਕੁਝ ਲੋਕਾਂ ਨੂੰ ਕੁਚਲਦਿਆਂ ਅੱਗੇ ਨਿਕਲ ਗਈ। ਇਸ ਹਾਦਸੇ ਵਿੱਚ ਚਾਰ ਲੋਕ ਟ੍ਰੇਨ ਦੀ ਚਪੇਟ ਵਿੱਚ ਆਏ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਰੇਲਵੇ ਪ੍ਰਸ਼ਾਸਨ ਦੇ ਮੁਤਾਬਕ, ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਅਸਪਤਾਲ ਭੇਜਿਆ ਗਿਆ, ਪਰ ਕਥਿਤ ਤੌਰ 'ਤੇ ਤਿੰਨਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਰੇਲਵੇ ਵੱਲੋਂ ਅਧਿਕਾਰਕ ਪੁਸ਼ਟੀ ਹਾਲੇ ਤੱਕ ਨਹੀਂ ਕੀਤੀ ਗਈ।
ਸਵਪਨਿਲ ਨੀਲਾ, ਚੀਫ਼ ਪੀਆਰਓ (CPRO) ਸੈਂਟਰਲ ਰੇਲਵੇ ਨੇ ਦੱਸਿਆ ਕਿ, “ਮੁੰਬਈ ਦੇ Sandhurst ਰੋਡ ਸਟੇਸ਼ਨ 'ਤੇ ਚਾਰ ਲੋਕ ਟ੍ਰੇਨ ਦੀ ਟੱਕਰ ਨਾਲ ਜ਼ਖ਼ਮੀ ਹੋਏ ਹਨ। ਉਹ ਪਟੜੀ 'ਤੇ ਚੱਲ ਰਹੇ ਸਨ ਅਤੇ ਅਚਾਨਕ ਟ੍ਰੇਨ ਆ ਗਈ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਅਸਪਤਾਲ ਭੇਜਿਆ ਗਿਆ ਹੈ।”
ਇਸ ਹਾਦਸੇ ਕਾਰਨ ਸੈਂਟਰਲ ਲਾਈਨ 'ਤੇ ਕੁਝ ਸਮੇਂ ਲਈ ਟ੍ਰੇਨ ਸੇਵਾਵਾਂ ਪ੍ਰਭਾਵਿਤ ਰਹੀਆਂ, ਅਤੇ ਰੇਲਵੇ ਪ੍ਰਸ਼ਾਸਨ ਨੇ ਲੋਕਾਂ ਨੂੰ ਪਟੜੀ 'ਤੇ ਨਾ ਉਤਰਣ ਦੀ ਅਪੀਲ ਕੀਤੀ ਹੈ।
Credit : www.jagbani.com