ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਮਦਨਪੁਰਾ ਥਾਣਾ ਖੇਤਰ ਵਿੱਚ ਸੋਮਵਾਰ ਰਾਤ ਨੂੰ ਇੱਕ ਵਿਆਹ ਸਮਾਰੋਹ ਦੌਰਾਨ ਕੌਫੀ ਮਸ਼ੀਨ ਫਟਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ।
ਉਕਤ ਘਟਨਾ ਮਦਨਪੁਰਾ ਥਾਣਾ ਖੇਤਰ 'ਚ ਪੈਂਦੇ ਬੜੂਆ ਪੇਹਨਾ ਪਿੰਡ ਦੀ ਹੈ, ਜਿੱਥੇ ਇੱਕ ਵਿਆਹ ਸਮਾਰੋਹ ਦੌਰਾਨ ਕੌਫੀ ਮਸ਼ੀਨ ਜ਼ੋਰਦਾਰ ਧਮਾਕੇ ਨਾਲ ਫਟ ਗਈ। ਇਸ ਹਾਦਸੇ ਵਿੱਚ ਕੌਫੀ ਤਿਆਰ ਕਰ ਰਹੇ ਅਣਪਛਾਤੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ, ਜਦਕਿ ਬਝੇੜਾ ਪਿੰਡ ਦਾ ਰਹਿਣ ਵਾਲਾ ਇੱਕ ਹੋਰ ਨੌਜਵਾਨ ਸਚਿਨ ਗੰਭੀਰ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਬਰੇਲੀ ਰੈਫਰ ਕਰ ਦਿੱਤਾ ਗਿਆ ਹੈ।
ਡਾਕਟਰਾਂ ਨੇ ਦੱਸਿਆ ਕਿ ਬੜੂਆ ਪੇਹਨਾ ਪਿੰਡ ਦੀ ਰਹਿਣ ਵਾਲੀ ਅਨੁਸ਼ਕਾ ਦੀ ਛੋਟੀ ਭੈਣ ਅੰਕਿਤ ਦੀਕਸ਼ਿਤ ਦੇ ਵਿਆਹ ਦੀ ਬਰਾਤ ਫਾਰੂਖਾਬਾਦ ਤੋਂ ਆਉਣੀ ਸੀ। ਇਸ ਵਿਆਹ ਸਮਾਗਮ ਲਈ ਲਹਸਰੀ ਪਿੰਡ ਦੇ ਸੰਤੋਸ਼ ਨੂੰ ਕੌਫੀ ਤਿਆਰ ਕਰਨ ਦਾ ਠੇਕਾ ਦਿੱਤਾ ਗਿਆ ਸੀ।
ਠੇਕੇਦਾਰ ਆਪਣੇ ਨਾਲ ਇੱਕ ਵਿਅਕਤੀ ਨੂੰ ਲੈ ਕੇ ਆਇਆ ਸੀ ਜੋ ਕੌਫੀ ਤਿਆਰ ਕਰ ਰਿਹਾ ਸੀ। ਇਸ ਦੌਰਾਨ ਮਸ਼ੀਨ ਅਚਾਨਕ ਫਟ ਗਈ ਅਤੇ ਉਕਤ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Credit : www.jagbani.com