ਸੁਲਤਾਨਪੁਰ ਲੋਧੀ- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਦੀ ਸਿਆਸਤ ‘ਚ ਵੱਡਾ ਫੇਰਬਦਲ ਹੋਇਆ ਹੈ। ਦਰਅਸਲ ਬਹੁਜਨ ਸਮਾਜ ਪਾਰਟੀ ਅੰਬੇਦਕਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸੁਲਤਾਨਪੁਰ ਲੋਧੀ 'ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਪਟਖੇਡੇ ਤੇਜ਼ ਹੋ ਗਏ ਹਨ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਅੰਬੇਦਕਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਖੁੱਲ੍ਹਾ ਸਮਰਥਨ ਕਰਨ ਨਾਲ ਚੋਣਾਂ ਦਾ ਮਾਹੌਲ ਹੋਰ ਗਰਮ ਹੋ ਗਿਆ ਹੈ। ਪਾਰਟੀ ਵੱਲੋਂ ਕੀਤੇ ਗਏ ਇਸ ਮਹੱਤਵਪੂਰਨ ਐਲਾਨ ਨੂੰ ਮਾਹਿਰ ਇਲਾਕੇ ਦੀ ਸਿਆਸੀ ਦਿਸ਼ਾ ਵਿੱਚ ਵੱਡਾ ਮੋੜ ਮੰਨ ਰਹੇ ਹਨ। ਬੀ. ਐੱਸ. ਪੀ. ਅੰਬੇਦਕਰ ਦਾ ਸਮਰਥਨ ਮਿਲਣ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੌਸਲੇ ਬੁਲੰਦ ਹੋਏ ਹਨ ਅਤੇ ਚੋਣੀ ਅੰਦਾਜ਼ੇ ਵੀ ਬਦਲੇ ਹਨ।


ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿਧੂ ਨੇ ਇਸ ਗਠਜੋੜ ਨੂੰ ਇਤਿਹਾਸਕ ਕਦਮ ਦੱਸਦਿਆਂ ਕਿਹਾ ਕਿ ਬੀ. ਐੱਸ. ਪੀ. ਅੰਬੇਦਕਰ ਵੱਲੋਂ ਮਿਲਿਆ ਸਮਰਥਨ ਇਲਾਕੇ ਵਿੱਚ ਪਾਰਟੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਨੂੰ ਮਿਲ ਰਹੀ ਲੋਕਾਂ ਦੀ ਸਹਿਮਤੀ ਚੋਣ ਨਤੀਜਿਆਂ ‘ਤੇ ਪ੍ਰਭਾਵ ਪਾ ਸਕਦੀ ਹੈ। ਚੋਣਾਂ ਨੇੜੇ ਆਉਂਦਿਆਂ ਇਸ ਸਿਆਸੀ ਇਕੱਠ ਨੂੰ ਇਲਾਕੇ 'ਚ ਬਣ ਰਹੀਆਂ ਨਵੀਆਂ ਗਠਜੋੜੀ ਸਿਆਸਤਾਂ ਦੀ ਸ਼ੁਰੂਆਤ ਵਜੋਂ ਵੀ ਵੇਖਿਆ ਜਾ ਰਿਹਾ ਹੈ। ਚੋਣ ਪ੍ਰਕਿਰਿਆ ਵਿੱਚ ਇਹ ਨਵਾਂ ਗਠਜੋੜ ਵੋਟਰਾਂ ‘ਤੇ ਕੀ ਅਸਰ ਪਾਉਂਦਾ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆਵੇਗਾ।
Credit : www.jagbani.com