ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਮਦਰੱਸੇ ਦੇ ਅੰਦਰ ਇੱਕ ਮੋਰਟਾਰ ਸ਼ੈੱਲ ਫਟਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ।
ਇਹ ਦੁਖਦਾਈ ਘਟਨਾ ਬੁੱਧਵਾਰ ਨੂੰ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੀ ਮੀਰਾਲੀ ਤਹਿਸੀਲ ਦੇ ਈਸੂਰੀ ਖੇਤਰ ਵਿੱਚ ਵਾਪਰੀ। ਸ਼ੇਰ ਮੁਹੰਮਦ ਕੋਟ ਪਿੰਡ ਸਥਿਤ ਮਦਰੱਸਾ ਸ਼ਮਸ-ਉਲ-ਕੁਰਾਨ ਦੇ ਕੁਝ ਵਿਦਿਆਰਥੀ ਬਾਹਰੋਂ ਇੱਕ ਜ਼ਿੰਦਾ ਮੋਰਟਾਰ ਸ਼ੈੱਲ ਲਿਆਏ ਸਨ, ਜੋ ਬਾਅਦ ਵਿੱਚ ਫਟ ਗਿਆ।
ਮੁੱਢਲੀਆਂ ਰਿਪੋਰਟਾਂ ਅਨੁਸਾਰ ਬੱਚਿਆਂ ਨੇ ਇਸ ਯੰਤਰ ਨੂੰ ਖਿਡੌਣਾ ਸਮਝਿਆ ਅਤੇ ਇਸ ਨਾਲ ਖੇਡ ਰਹੇ ਸਨ, ਜਿਸ ਮਗਰੋਂ ਇਸ 'ਚ ਧਮਾਕਾ ਹੋ ਗਿਆ ਤੇ ਨਤੀਜੇ ਵਜੋਂ 2 ਛੋਟੇ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 16 ਹੋਰ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਇਲਾਜ ਲਈ ਬੰਨੂ ਅਤੇ ਆਸਪਾਸ ਦੇ ਖੇਤਰਾਂ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਹੁਣ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਸ਼ੈੱਲ ਮਦਰੱਸੇ ਨੇੜੇ ਕਿਵੇਂ ਪਹੁੰਚ ਗਿਆ। ਪੁਲਸ ਨੇ ਦੱਸਿਆ ਕਿ ਪਹਿਲਾਂ ਵੀ ਉੱਤਰ-ਪੱਛਮੀ ਪਾਕਿਸਤਾਨ ਵਿੱਚ ਅਜਿਹੇ ਵਿਸਫੋਟਕ ਯੰਤਰਾਂ ਨਾਲ ਖੇਡਦੇ ਸਮੇਂ ਦਰਜਨਾਂ ਬੱਚਿਆਂ ਦੀ ਜਾਨ ਜਾ ਚੁੱਕੀ ਹੈ।
Credit : www.jagbani.com