ਬੈਲੇਟ ਪੇਪਰਾਂ ਤੋਂ ਅਕਾਲੀ ਦਲ ਦਾ ਚੋਣ ਨਿਸ਼ਾਨ ਗਾਇਬ! ਰੋਕੀ ਗਈ ਵੋਟਿੰਗ

ਬੈਲੇਟ ਪੇਪਰਾਂ ਤੋਂ ਅਕਾਲੀ ਦਲ ਦਾ ਚੋਣ ਨਿਸ਼ਾਨ ਗਾਇਬ! ਰੋਕੀ ਗਈ ਵੋਟਿੰਗ

ਮਹਿਲ ਕਲਾਂ: ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪਟਿਆਲਾ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਬੂਥ ਨੰਬਰ 20 ‘ਤੇ ਬੈਲੇਟ ਪੇਪਰ ਉਪਰ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਦਰਜ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਰੋਸ ਫੈਲ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਚਿੱਤਰ ਸਿੰਘ ਰਾਏਸਰ ਨੇ ਚੋਣ ਕਮਿਸ਼ਨ ਅਤੇ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਸਿੱਧੇ ਤੌਰ ‘ਤੇ ਧੱਕੇਸ਼ਾਹੀ ‘ਤੇ ਉਤਰ ਆਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੋਚ-ਸਮਝ ਕੇ ਪੋਸਟਲ ਅਤੇ ਬੈਲੇਟ ਪੇਪਰਾਂ ਤੋਂ ਅਕਾਲੀ ਦਲ ਦਾ ਚੋਣ ਨਿਸ਼ਾਨ ਹਟਾਇਆ ਗਿਆ ਹੈ ਤਾਂ ਜੋ ਵੋਟਾਂ ਅਕਾਲੀ ਦਲ ਦੇ ਹੱਕ ਵਿਚ ਨਾ ਪੈਣ। 

ਮਾਮਲੇ ਦੇ ਤੂਲ ਫੜ੍ਹਦਿਆਂ ਹੀ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਸਥਿਤੀ ਨੂੰ ਕਾਬੂ ‘ਚ ਰੱਖਣ ਲਈ ਮੌਕੇ ‘ਤੇ ਮਹਿਲ ਕਲਾਂ ਦੇ ਐੱਸ.ਡੀ.ਐੱਮ. ਬੇਅੰਤ ਸਿੰਘ ਅਤੇ ਡੀ.ਐੱਸ.ਪੀ. ਜਸਪਾਲ ਸਿੰਘ ਪਹੁੰਚੇ, ਜਿਨ੍ਹਾਂ ਵੱਲੋਂ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨਾਲ ਗੱਲਬਾਤ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਨਿਰਪੱਖ ਜਾਂਚ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਗੜਬੜ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਕਾਰਨ ਕੁਝ ਸਮੇਂ ਲਈ ਚੋਣੀ ਪ੍ਰਕਿਰਿਆ ਪ੍ਰਭਾਵਿਤ ਰਹੀ, ਜਦਕਿ ਪਿੰਡ ਵਿਚ ਤਣਾਅ ਦਾ ਮਾਹੌਲ ਬਣਿਆ ਰਿਹਾ। ਅਕਾਲੀ ਦਲ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਦਾ ਤੁਰੰਤ ਤੇ ਨਿਆਂਸੰਗਤ ਹੱਲ ਨਾ ਕੱਢਿਆ ਗਿਆ ਤਾਂ ਪਾਰਟੀ ਵੱਲੋਂ ਵੱਡਾ ਅੰਦੋਲਨ ਕੀਤਾ ਜਾਵੇਗਾ।

Credit : www.jagbani.com

  • TODAY TOP NEWS