ਸਪੋਰਟਸ ਡੈਸਕ- ਦੱਖਣੀ ਅਫਰੀਕਾ ਖਿਲਾਫ ਤੀਜੇ ਟੀ-20 ਮੈਚ 'ਚ ਭਾਰਤ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਜਸਪ੍ਰੀਤ ਬੁਮਰਾਹ ਨੇ ਟੀਮ ਇੰਡੀਆ ਦਾ ਸਾਥ ਛੱਡ ਦਿੱਤਾ। ਜਸਪ੍ਰੀਤ ਬੁਮਰਾਹ ਅਚਾਨਕ ਘਰ ਪਰਤ ਗਏ ਹਨ। ਟਾਸ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਨੇ ਇਹ ਜਾਣਕਾਰੀ ਦਿੱਤੀ। ਸੂਰਿਆਕੁਮਾਰ ਯਾਦਵ ਨੇ ਦੱਸਿਆ ਕਿ ਟੀਮ ਇੰਡੀਆ ਨੂੰ ਜ਼ਬਰਦਸਤੀ ਦੋ ਬਦਲਾਅ ਕਰਨੇ ਪਏ ਹਨ। ਅਕਸ਼ਰ ਪਟੇਲ ਸੱਟ ਕਾਰਨ ਬਾਹਰ ਹੋ ਗਏ ਹਨ ਅਤੇ ਜਸਪ੍ਰੀਤ ਬੁਮਰਾਹ ਨੂੰ ਅਚਾਨਕ ਘਰ ਪਰਤਨਾ ਪਿਆ ਹੈ। ਸੂਰਿਆ ਮੁਤਾਬਕ, ਉਹ ਨਿੱਜੀ ਕਾਰਨਾਂ ਕਰਕੇ ਘਰ ਚਲੇ ਗਏ ਹਨ।
ਟੀਮ ਇੰਡੀਆ 'ਚ ਹੋਏ ਦੋ ਬਦਲਾਅ
ਜਸਪ੍ਰੀਤ ਬੁਮਰਾਹ ਦੀ ਥਾਂ ਹਰਸ਼ਿਤ ਰਾਣਾ ਨੂੰ ਪਲੇਇੰਗ-11 'ਚ ਮੌਕਾ ਮਿਲਿਆ ਹੈ। ਉਥੇ ਹੀ ਅਕਸ਼ਰ ਪਟੇਲ ਦੀ ਥਾਂ ਕੁਲਦੀਪ ਯਾਦਵ ਦੀ ਟੀਮ 'ਚ ਐਂਟਰੀ ਹੋਈ ਹੈ। ਟੀਮ ਇੰਡੀਆ ਨੇ ਸੰਜੂ ਸੈਮਸਨ ਨੂੰ ਅਜੇ ਵੀ ਮੌਕਾ ਨਹੀਂ ਦਿੱਤਾ।
ਧਰਮਸ਼ਾਲਾ ਟੀ-20 ਜਿੱਤਣਾ ਜ਼ਰੂਰੀ
ਧਰਮਸ਼ਾਲਾ ਟੀ-20 ਮੈਚ ਜਿੱਤਣਾ ਬੇਹੱਦ ਜ਼ਰੂਰੀ ਹੈ ਕਿਉਂਕਿ 5 ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰੀ 'ਤੇ ਹੈ। ਪਿਛਲੇ ਮੈਚ 'ਚ ਟੀਮ ਇੰਡੀਆ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਿਊ ਚੰਡੀਗੜ੍ਹ 'ਚ ਖੇਡੇ ਗਏ ਮੈਚ 'ਚ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 213 ਦੌੜਾਂ ਬਣਾਈਆਂ ਸਨ। ਕਵਿੰਟਨ ਡੀ ਕੌਕ ਨੇ 46 ਗੇਂਦਾਂ 'ਚ 90 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ ਸੀ। ਅਰਸ਼ਦੀਪ ਸਿੰਘ ਨੇ 4 ਓਵਰਾਂ 'ਚ 54 ਦੌੜਾਂ ਦਿੱਤੀਆਂ ਸਨ। ਬੁਮਰਾਹ ਨੇ 45 ਦੌੜਾਂ ਦਿੱਤੀਆਂ। ਦੋਵਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਸੀ। ਅਕਸ਼ਰ ਪਟੇਲ, ਹਾਰਦਿਕ ਪੰਡਯਾ, ਸ਼ਿਵਮ ਦੁਬੇ ਸਭ ਦੀ ਗੇਂਦਬਾਜ਼ੀ ਫੇਲ੍ਹ ਰਹੀ ਸੀ।
ਬੱਲੇਬਾਜ਼ੀ 'ਚ ਸ਼ੁਭਮਨ ਗਿੱਲ ਖਾਤਾ ਤਕ ਨਹੀਂ ਖੋਲ੍ਹ ਸਕੇ। ਅਭਿਸ਼ੇਕ ਸ਼ਰਮਾ 17 ਦੌੜਾਂ ਬਣਾ ਕੇ ਆਊਟ ਹੋ ਗਏ। ਸੂਰਿਆਕੁਮਾਰ 5 ਦੌੜਾਂ ਹੀ ਬਣਾ ਸਕੇ ਸਨ। ਤਿਲਕ ਵਰਮਾ ਨੇ 62 ਦੌੜਾਂ ਬਣਾ ਚੇ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਉਹ ਟੀਮ ਨੂੰ ਜਿੱਤਵਾ ਨਹੀਂ ਸਕੇ।
Credit : www.jagbani.com