ਰੂਪਨਗਰ- ਰੂਪਨਗਰ ਜ਼ਿਲ੍ਹੇ ’ਚ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਲਈ ਸਵੇਰ ਤੋਂ ਜਾਰੀ ਵੋਟਾਂ ਪੈਣ ਦਾ ਕੰਮ ਹੁਣ ਖ਼ਤਮ ਹੋ ਚੁੱਕਾ ਹੈ। ਸਵੇਰ ਤੋਂ ਹੀ ਵੋਟਰ ਵੋਟਾਂ ਪਾਉਣ ਲਈ ਸਬੰਧਤ ਬੂਥਾਂ 'ਤੇ ਪਹੁੰਚ ਰਹੇ ਸਨ। ਜੇਕਰ ਮੋਰਿੰਡਾ ਰੂਲਰ ਅਤੇ ਕੋਟਲਾ ਨਿਹੰਗ ਖਾਨ ਦੀ ਗੱਲ ਕੀਤੀ ਜਾਵੇ ਤਾਂ ਇਥੇ ਵਕਤ ਵੋਟ ਪਾਉਣ ਦੇ ਲਈ ਲੋਕਾਂ ਵਿੱਚ ਦਿਲਚਸਪੀ ਸਾਫ਼ ਤੌਰ ''ਤੇ ਨਜ਼ਰ ਆ ਰਹੀ ਸੀ ਅਤੇ ਵੋਟਰ ਬੜੀ ਉਤਸ਼ਾਹਤ ਨਾਲ ਵੋਟ ਪਾਉਣ ਆ ਰਹੇ ਸਨ।
ਪਿੰਡ ਖੈਰਾਬਾਦ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਨੂੰ ਲੈ ਕੇ ਜੋ ਚੋਣਾਂ ਹੋ ਰਹੀਆਂ ਹਨ, ਉਸ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੋਇਆ ਵਿਖਾਈ ਦੇ ਰਿਹਾ ਹੈ, ਪੋਲਿੰਗ ਬੂਥਾਂ 'ਤੇ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਅਤੇ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੋਏ ਸਾਫ਼ ਤੌਰ 'ਤੇ ਵਿਖਾਈ ਦੇ ਰਹੇ ਸਨ। ਲੋਕਾਂ ਵੱਲੋਂ ਇਹ ਸਾਫ਼ ਨਹੀਂ ਕੀਤਾ ਜਾ ਰਿਹਾ ਕਿ ਕਿਨ੍ਹਾਂ ਮੁੱਦਿਆਂ ਉੱਤੇ ਉਹ ਵੋਟ ਪਾ ਰਹੇ ਹਨ ਪਰ ਉਨ੍ਹਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਖੈਰਾਬਾਦ ਵਿੱਚ ਬੜੇ ਅਮਨ-ਅਮਾਨ ਨਾਲ ਵੋਟਾਂ ਪੈ ਰਹੀਆਂ ਸਨ ਅਤੇ ਸੁਰੱਖਿਆ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ।
ਰੂਪਨਗਰ ਵਿਚ ਚੋਣਾਂ ਦੌਰਾਨ ਦੁਪਹਿਰ 2 ਵਜੇ ਤੱਕ 31 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਨ੍ਹਾਂ ਚੋਣਾਂ ’ਚ ਜ਼ਿਲ੍ਹੇ ਦੇ 415665 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ ਅਤੇ ਆਪੋ-ਆਪਣੇ ਚਹੇਤੇ ਉਮੀਦਵਾਰਾਂ ਦੀ ਚੋਣ ਕਰਨਗੇ। ਪ੍ਰਸਾਸ਼ਨ ਵੱਲੋਂ ਇਨ੍ਹਾਂ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕਰਨ ਦੀ ਗੱਲ ਕਹੀ ਗਈ ਹੈ।
ਦੱਸਣਯੋਗ ਹੈ ਕਿ ਜ਼ਿਲ੍ਹਾ ਰੂਪਨਗਰ ਦੇ ਰੂਰਲ ਏਰੀਏ ’ਚ ਕੁੱਲ੍ਹ 611 (ਬਲਾਕ ਨੰਗਲ 83, ਸ੍ਰੀ ਅਨੰਦਪੁਰ ਸਾਹਿਬ 111, ਨੂਰਪੁਰ ਬੇਦੀ 135, ਰੂਪਨਗਰ 88, ਮੋਰਿੰਡਾ 101 ਅਤੇ ਸ੍ਰੀ ਚਮਕੌਰ ਸਾਹਿਬ 93) ਪੋਲਿੰਗ ਸਟੇਸ਼ਨ ਅਤੇ 676 ਪੋਲਿੰਗ ਬੂਥਾਂ 'ਤੇ ਵੋਟਾਂ ਪਾਈਆਂ ਪੈ ਰਹੀਆਂ ਹਨ। ਜ਼ਿਲ੍ਹੇ ’ਚ ਕੁੱਲ੍ਹ 13 ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ’ਚ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ 7, ਨੂਰਪੁਰਬੇਦੀ ਦੇ 5 ਅਤੇ ਮੋਰਿੰਡਾ ਦਾ 1 ਪੋਲਿੰਗ ਸਟੇਸ਼ਨ ਸ਼ਾਮਲ ਹੈ।
ਇਸ ਤੋਂ ਇਲਾਵਾ 128 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿਚ ਬਲਾਕ ਨੰਗਲ ਦੇ 19, ਸ੍ਰੀ ਅਨੰਦਪੁਰ ਸਾਹਿਬ ਦੇ 23, ਨੂਰਪੁਰਬੇਦੀ ਦੇ 22, ਰੂਪਨਗਰ ਦੇ 18, ਮੋਰਿੰਡਾ ਦੇ 25 ਅਤੇ ਸ੍ਰੀ ਚਮਕੌਰ ਸਾਹਿਬ ਦੇ 21 ਪੋਲਿੰਗ ਸਟੇਸ਼ਨ ਸ਼ਾਮਲ ਹਨ। ਗੈਰ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਿਚ ਜ਼ਿਲ੍ਹੇ ਦੇ 470 ਗੈਰ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਵਿਚ ਬਲਾਕ ਨੰਗਲ ਦੇ 64, ਸ੍ਰੀ ਅਨੰਦਪੁਰ ਸਾਹਿਬ ਦੇ 81, ਨੂਰਪੁਰਬੇਦੀ ਦੇ 108, ਰੂਪਨਗਰ ਦੇ 70, ਮੋਰਿੰਡਾ ਦੇ 75 ਅਤੇ ਸ੍ਰੀ ਚਮਕੌਰ ਸਾਹਿਬ ਦੇ 72 ਪੋਲਿੰਗ ਸਟੇਸ਼ਨ ਹਨ।
ਬਲਾਕ ਮੋਰਿੰਡਾ ਅਧੀਨ 41539 ਪੁਰਸ਼ ਵੋਟਰ, 36343 ਮਹਿਲਾ ਵੋਟਰਾਂ ਸਮੇਤ ਕੁੱਲ੍ਹ 77882 ਵੋਟਰ ਹਨ, ਸ੍ਰੀ ਚਮਕੌਰ ਸਾਹਿਬ ਤੋਂ 32237 ਪੁਰਸ਼ ਅਤੇ 28174 ਮਹਿਲਾ ਵੋਟਰਾਂ ਸਮੇਤ 60411 ਵੋਟਰ ਹਨ, ਨੰਗਲ ਤੋਂ 36271 ਪੁਰਸ਼ ਤੇ 33523 ਮਹਿਲਾ ਅਤੇ 3 ਹੋਰ ਵੋਟਰਾਂ ਸਮੇਤ ਕੁੱਲ੍ਹ 69797 ਵੋਟਰ ਹਨ, ਇਸੇ ਤਰਾਂ ਸ੍ਰੀ ਅਨੰਦਪੁਰ ਸਾਹਿਬ ਤੋਂ 35076 ਪੁਰਸ਼ ਅਤੇ 33048 ਮਹਿਲਾ ਵੋਟਰ ਅਤੇ 2 ਹੋਰ ਵੋਟਰਾਂ ਸਮੇਤ 68126 ਵੋਟਰਾਂ ਹਨ, ਜਦਕਿ ਨੂਰਪੁਰਬੇਦੀ 46180 ਪੁਰਸ਼ ਵੋਟਰ, 42859 ਮਹਿਲਾ ਵੋਟਰ ਅਤੇ 3 ਹੋਰ ਵੋਟਰਾਂ ਸਮੇਤ ਕੁੱਲ੍ਹ 89042 ਵੋਟਰ ਹਨ। ਰੂਪਨਗਰ ਬਲਾਕਾਂ ਦੇ 26731 ਪੁਰਸ਼ ਵੋਟਰ, 23676 ਮਹਿਲਾ ਵੋਟਰਾਂ ਸਮੇਤ 50407 ਵੋਟਰ ਹਨ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ 415665 ਵੋਟਰ ਹਨ ਅਤੇ ਇਹ ਵੋਟਰ ਅੱਜ ਆਪਣੇ ਚਹੇਤੇ ਉਮੀਦਵਾਰਾਂ ਦੀ ਚੋਣ ਕਰਨਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com