ਜਲੰਧਰ/ਪਟਿਆਲਾ- ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਿਚ ਵਾਪਸੀ ਦੀਆਂ ਚੱਲ ਰਹੀਆਂ ਚਰਚਾਵਾਂ ਦਰਮਿਆਨ ਪ੍ਰਨੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਇਹ ਸਭ ਅਫ਼ਵਾਹ ਅਤੇ ਸਿਰਫ਼ ਕਹਿਣ ਦੀਆਂ ਹੀ ਗੱਲਾਂ ਹਨ। ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਜਿਹੜੀ ਪਾਰਟੀ ਵਿਚ ਹਨ, ਉਹ ਉਥੇ ਹੀ ਰਹਿਣਗੇ। ਉਹ ਕਿਸੇ ਹੋਰ ਪਾਰਟੀ ਵਿਚ ਨਹੀਂ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਭਾਜਪਾ ਪਾਰਟੀ ਵਿਚ ਹੀ ਰਹਿਣਗੇ।
ਕੈਪਟਨ ਅਮਰਿੰਦਰ ਸਿੰਘ ਆਪਣਾ ਸਟੈਂਡ ਕਲੀਅਰ ਕਰ ਚੁੱਕੇ ਹਨ। ਕੈਪਟਨ ਸਾਬ੍ਹ ਦਾ ਜੋ ਸਟੈਂਡ ਹੈ, ਉਹ ਉਥੇ ਹੀ ਰਹਿਣਗੇ। ਮਨ ਅਤੇ ਸਰੀਰ ਇਸੇ ਪਾਰਟੀ ਵਿਚ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵਿਚ ਜਾਣ ਦਾ ਫ਼ੈਸਲਾ ਸੋਚ ਸਮਝ ਕੇ ਹੀ ਲਿਆ ਸੀ। ਪੰਜਾਬ ਦਾ ਫਾਇਦਾ ਸੋਚ ਕੇ ਹੀ ਉਨ੍ਹਾਂ ਭਾਜਪਾ ਵਿਚ ਜਾਣ ਦਾ ਫ਼ੈਸਲਾ ਲਿਆ ਸੀ। ਉਛੇ ਹੀ ਪ੍ਰਨੀਤ ਕੌਰ ਨੇ ਬੀਤੇ ਦਿਨ ਹੋਈਆਂ ਜ਼ਿਲ੍ਹਾ ਪ੍ਰਸ਼ੀਦ ਚੋਣਾਂ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਤੇ ਬੋਲਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਪਟਿਆਲਾ ਦੇ ਐੱਸ. ਐੱਸ. ਪੀ. ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਅੱਗੇ ਚੋਣਾਂ ਵਿਚ ਕੋਈ ਗੜਬੜੀ ਕੀਤੀ ਗਈ ਹੈ।
ਨਵਜੋਤ ਕੌਰ 'ਤੇ ਟਿੱਪਣੀ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ ਜੋ ਦੋਸ਼ ਉਸ ਦੇ ਵੱਲੋਂ ਲਗਾਏ ਗਏ ਹਨ, ਜੇਕਰ ਉਸ ਦੇ ਕੋਲ ਪਾਰਟੀ ਲਈ ਕੋਈ ਸਬੂਤ ਹਨ ਤਾਂ ਉਹ ਲਿਆ ਕੇ ਵਿਖਾਵੇ। ਪਾਰਟੀ ਜੋ ਵੀ ਕਰਦੀ ਹੈ ਸੋਚ ਸਮਝ ਕੇ ਹੀ ਕਰਦੀ ਹੈ। ਜ਼ਿਕਰਯੋਗ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਬਾਰੇ ਨਵੀਆਂ ਚਰਚਾਵਾਂ ਛਿੜ ਗਈਆਂ ਹਨ। ਕੈਪਟਨ ਨੇ ਬੀਤੇ ਦਿਨੀਂ ਖੁੱਲ੍ਹ ਕੇ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਮਿਸ ਕਰਦੇ ਹਨ। ਭਾਜਪਾ ਵਿੱਚ ਕੁਝ ਵੀ ਪੁੱਛਿਆ ਜਾਂ ਦੱਸਿਆ ਨਹੀਂ ਜਾਂਦਾ।
ਉਨ੍ਹਾਂ ਦੇ ਬਿਆਨ ਤੋਂ ਬਾਅਦ 2017 ਵਿਚ ਕਾਂਗਰਸ ਦੀ ਵੀਨਿੰਗ ਟੀਮ ਵਿਚ ਉਨ੍ਹਾਂ ਦੇ ਕਰੀਬੀ ਸਾਥੀ ਰਹੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਵੀ ਕੈਪਟਨ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਅਤੇ ਉਨ੍ਹਾਂ ਨੂੰ ਦੋਸਤਾਂ ਦਾ ਦੋਸਤ ਕਿਹਾ। ਇਸੇ ਨੂੰ ਲੈ ਕੇ ਰਾਜਨੀਤੀ ਵਿੱਚ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਿੱਚ ਵਾਪਸ ਆਉਣ ਦਾ ਇਰਾਦਾ ਰੱਖਦੇ ਹਨ। ਕੀ ਉਨ੍ਹਾਂ ਦੇ ਸਾਬਕਾ ਸਾਥੀਆਂ ਦਾ ਸਰਗਰਮ ਹੋਣਾ ਕਾਂਗਰਸ ਪਾਰਟੀ ਅੰਦਰ ਫਿਰ ਆਉਣ ਵਾਲੀ ਬਗਾਵਤ ਦਾ ਸੰਕੇਤ ਹੈ?
Credit : www.jagbani.com