ਜਲੰਧਰ- ਪੰਜਾਬ ਵਿਚ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਠੰਡ ਨੇ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਅੱਜ ਤੋਂ ਲੈ ਕੇ 19 ਦਸੰਬਰ ਤੱਕ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਯਾਨੀ ਕਿ 16 ਦਸੰਬਰ ਨੂੰ ਸੂਬੇ ਵਿਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ। 16 ਦਸੰਬਰ ਤੋਂ ਸੂਬੇ ਵਿਚ ਤੇਜ਼ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ 17 ਦਸੰਬਰ ਤੋਂ ਇਕ ਨਵਾਂ ਪੱਛਮੀ ਪ੍ਰਭਾਅ ਵੀ ਸਰਗਰਮ ਹੋਣ ਜਾ ਰਿਹਾ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਵੀ ਹੋਣ ਦੀ ਸੰਭਾਵਨਾ ਹੈ।

ਤਾਪਮਾਨ 'ਚ ਆ ਰਹੀ ਲਗਾਤਾਰ ਗਿਰਾਵਟ
ਉਥੇ ਹੀ ਜੇਕਰ ਸੂਬੇ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿਚ 0.1 ਡਿਗਰੀ ਦੀ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ। ਬਠਿੰਡਾ ਵਿਚ ਤਾਪਮਾਨ 5 ਡਿਗਰੀ ਤੋਂ ਵੀ ਹੇਠਾਂ (4.8 ਡਿਗਰੀ) ਦਰਜ ਕੀਤਾ ਗਿਆ, ਜੋ ਸੂਬੇ ਭਰ ਵਿਚੋਂ ਸਭ ਤੋਂ ਘੱਟ ਹੈ। ਇਸ ਤੋਂ ਇਲਾਵਾ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਫਰੀਦਕੋਟ, ਗੁਰਦਾਸਪੁਰ, ਬਠਿੰਡਾ, ਹੁਸ਼ਿਆਰਪੁਰ ਤੇ ਮਾਨਸਾ ਵਿਚ ਵੀ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਹੇਠਾਂ ਹੀ ਰਿਹਾ।
Credit : www.jagbani.com