ਬੰਗਲਾਦੇਸ਼ 'ਚ ਭਾਰੀ ਹਿੰਸਾ: ਮੋਹਰੀ ਕਾਰਕੁਨ ਦੀ ਮੌਤ ਮਗਰੋਂ ਪ੍ਰਦਰਸ਼ਨ, ਭਾਰਤੀ ਹਾਈ ਕਮਿਸ਼ਨ ਦਫ਼ਤਰ 'ਤੇ ਪਥਰਾਅ

ਬੰਗਲਾਦੇਸ਼ 'ਚ ਭਾਰੀ ਹਿੰਸਾ: ਮੋਹਰੀ ਕਾਰਕੁਨ ਦੀ ਮੌਤ ਮਗਰੋਂ ਪ੍ਰਦਰਸ਼ਨ, ਭਾਰਤੀ ਹਾਈ ਕਮਿਸ਼ਨ ਦਫ਼ਤਰ 'ਤੇ ਪਥਰਾਅ

ਢਾਕਾ: ਬੰਗਲਾਦੇਸ਼ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸੱਤਾ ਵਿਰੁੱਧ ਅੰਦੋਲਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਅਤੇ ਇਨਕਲਾਬ ਮੰਚ (Inqilab Manch) ਦੇ ਬੁਲਾਰੇ ਸ਼ਰੀਫ ਉਸਮਾਨ ਹਾਦੀ ਦੀ ਵੀਰਵਾਰ ਨੂੰ ਸਿੰਗਾਪੁਰ ਵਿੱਚ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਹਿੰਸਕ ਪ੍ਰਦਰਸ਼ਨ ਭੜਕ ਉੱਠੇ ਹਨ। ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਪ੍ਰਮੁੱਖ ਅਖ਼ਬਾਰਾਂ ਦੇ ਦਫ਼ਤਰਾਂ 'ਤੇ ਹਮਲਾ ਕਰਕੇ ਅੱਗ ਲਗਾ ਦਿੱਤੀ।

ਹਮਲਾ ਅਤੇ ਮੌਤ
ਹਾਦੀ, ਜੋ ਕਿ ਭਾਰਤ-ਪੱਖੀ ਰਾਜਨੀਤੀ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਸਨ, ਉਨ੍ਹਾਂ ਨੂੰ 12 ਦਸੰਬਰ ਨੂੰ ਢਾਕਾ ਦੇ ਬਿਜੋਇਨਗਰ ਇਲਾਕੇ ਵਿੱਚ ਚੋਣ ਪ੍ਰਚਾਰ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਸਿੰਗਾਪੁਰ ਜਨਰਲ ਹਸਪਤਾਲ ਰੈਫਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਮੀਡੀਆ ਦਫ਼ਤਰਾਂ 'ਤੇ ਹਮਲੇ
ਹਾਦੀ ਦੀ ਮੌਤ ਦੀ ਖ਼ਬਰ ਫੈਲਦੇ ਹੀ ਢਾਕਾ ਦੇ ਸ਼ਾਹਬਾਗ ਚੌਕ 'ਤੇ ਹਜ਼ਾਰਾਂ ਲੋਕ ਇਕੱਠੇ ਹੋ ਗਏ ਅਤੇ ਹਿੰਸਾ ਸ਼ੁਰੂ ਕਰ ਦਿੱਤੀ। ਭੜਕੀ ਹੋਈ ਭੀੜ ਨੇ ਦੇਸ਼ ਦੇ ਸਭ ਤੋਂ ਵੱਡੇ ਬੰਗਾਲੀ ਅਖ਼ਬਾਰ, ਪ੍ਰਥਮ ਆਲੋ ਅਤੇ ਡੇਲੀ ਸਟਾਰ ਦੇ ਦਫ਼ਤਰਾਂ 'ਤੇ ਹਮਲਾ ਕਰਕੇ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਇਸ ਹਿੰਸਾ ਦੌਰਾਨ ਰਾਜਸ਼ਾਹੀ ਵਿੱਚ ਸੱਤਾਧਾਰੀ ਅਵਾਮੀ ਲੀਗ ਦੇ ਦਫ਼ਤਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਭਾਰਤੀ ਹਾਈ ਕਮਿਸ਼ਨ ਨੂੰ ਨਿਸ਼ਾਨਾ
ਸਭ ਤੋਂ ਚਿੰਤਾਜਨਕ ਗੱਲ ਇਹ ਰਹੀ ਕਿ ਪ੍ਰਦਰਸ਼ਨਕਾਰੀ ਵੀਰਵਾਰ ਦੇਰ ਰਾਤ ਚਟਗਾਉਂ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਇਕੱਠੇ ਹੋ ਗਏ। ਉਨ੍ਹਾਂ ਨੇ ਦਫ਼ਤਰ 'ਤੇ ਪੱਥਰਬਾਜ਼ੀ ਕੀਤੀ ਅਤੇ ਭਾਰਤ-ਵਿਰੋਧੀ ਨਾਅਰੇ ਲਗਾਏ, ਜਿਵੇਂ ਕਿ 'ਭਾਰਤੀ ਹਮਲੇ ਨੂੰ ਢਾਹ ਦਿਓ!' ਅਤੇ 'ਲੀਗ ਵਾਲਿਆਂ ਨੂੰ ਫੜੋ ਤੇ ਮਾਰੋ!'।

ਸਰਕਾਰ ਨੇ ਕੀਤਾ ਸ਼ੋਕ ਦਾ ਐਲਾਨ
ਹਾਦੀ ਦੀ ਮੌਤ ਤੋਂ ਬਾਅਦ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨੂਸ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਹਾਦੀ ਨੂੰ 'ਜੁਲਾਈ ਵਿਦਰੋਹ ਦਾ ਨਿਡਰ ਯੋਧਾ ਅਤੇ ਸ਼ਹੀਦ' ਦੱਸਿਆ। ਯੂਨੂਸ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਅਤੇ ਵਾਅਦਾ ਕੀਤਾ ਕਿ ਹਾਦੀ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਹਾਦੀ ਦੀ ਪਤਨੀ ਅਤੇ ਇਕਲੌਤੇ ਬੱਚੇ ਦੀ ਜ਼ਿੰਮੇਵਾਰੀ ਲਵੇਗੀ।

Credit : www.jagbani.com

  • TODAY TOP NEWS