ਮਾਛੀਵਾੜਾ ਸਾਹਿਬ (ਟੱਕਰ)- ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਚੌਂਤਾ ਦੇ ਨੌਜਵਾਨ ਸਮਸ਼ੇਰ ਸਿੰਘ (29) ਦੀ ਮਲੇਸ਼ੀਆ ਵਿਖੇ ਸ਼ੱਕੀ ਹਾਲਤ 'ਚ ਮੌਤ ਹੋ ਗਈ। ਪਿੰਡ ਚੌਂਤਾ ਦਾ ਨੌਜਵਾਨ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਕੁਝ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ ਜਿੱਥੇ ਉਹ ਸ਼ਹਿਰ ਕੈਲਾਂਗ ਵਿਚ ਇਕ ਹੇਅਰ ਡਰੈੱਸਰ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ। ਮ੍ਰਿਤਕ ਲੜਕੇ ਦੇ ਪਿਤਾ ਹੁਸਨ ਲਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਸਮਸ਼ੇਰ ਸਿੰਘ ਦੀ ਪਾਣੀ ਵਾਲੀ ਟੈਂਕੀ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ ਜਿਸ ਦੀ ਲਾਸ਼ ਮਲੇਸ਼ੀਆ ਵਿਖੇ ਇਕ ਹਸਪਤਾਲ ਵਿਚ ਰੱਖੀ ਹੋਈ ਹੈ।
ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
ਉਨ੍ਹਾਂ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਸ ਦੀ ਮੌਤ ਕਿਵੇਂ ਹੋਈ। ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ ਅਤੇ ਇਸ ਲਈ ਮਲੇਸ਼ੀਆ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ। ਮ੍ਰਿਤਕ ਨੌਜਵਾਨ ਸਮਸ਼ੇਰ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਜਿਸ ਲਈ ਉਨ੍ਹਾਂ ਨੇ ਉਸ ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਮ੍ਰਿਤਕ ਦੀ ਲਾਸ਼ ਭਾਰਤ ਉਸ ਦੇ ਪਿੰਡ ਚੌਂਤਾ ਲਿਆਉਣ ਲਈ ਪਰਿਵਾਰਕ ਮੈਂਬਰਾਂ ਨੇ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਦੇ ਐੱਮ.ਪੀ. ਅਮਰ ਸਿੰਘ ਨਾਲ ਵੀ ਰਾਬਤਾ ਕਾਇਮ ਕੀਤਾ ਹੈ।
MP ਅਮਰ ਸਿੰਘ ਨੇ ਸਰਕਾਰ ਨੂੰ ਲਿਖੀ ਚਿੱਠੀ
ਇਹ ਵੀ ਜਾਣਕਾਰੀ ਮਿਲੀ ਹੈ ਕਿ ਐੱਮ.ਪੀ. ਅਮਰ ਸਿੰਘ ਵਲੋਂ ਭਾਰਤ ਤੇ ਮਲੇਸ਼ੀਆ ਸਰਕਾਰ ਨੂੰ ਪੱਤਰ ਲਿਖ ਕੇ ਮ੍ਰਿਤਕ ਨੌਜਵਾਨ ਸਮਸ਼ੇਰ ਸਿੰਘ ਦੀ ਲਾਸ਼ ਜਲਦ ਤੋਂ ਜਲਦ ਭਾਰਤ ਭੇਜਣ ਦੀ ਅਪੀਲ ਕੀਤੀ ਗਈ ਹੈ। ਮ੍ਰਿਤਕ ਸਮਸ਼ੇਰ ਸਿੰਘ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸਦੇ ਸਿਰ ’ਤੇ ਪਰਿਵਾਰ ਦਾ ਪਾਲਣ ਪੋਸ਼ਣ ਚੱਲਦਾ ਸੀ ਪਰ ਉਸਦੀ ਮੌਤ ਨਾਲ ਜਿੱਥੇ ਪਰਿਵਾਰ ਬੇਹੱਦ ਗਮਗੀਨ ਹੈ ਉੱਥੇ ਪਿੰਡ ਵਿਚ ਵੀ ਸੋਗ ਦੀ ਲਹਿਰ ਹੈ।
Credit : www.jagbani.com