'ਆਪ' ਸਰਕਾਰ ਦੇ ਆਉਣ ਨਾਲ ਸੂਬੇ ਦਾ ਬੇੜਾ ਗਰਕ ਹੋਇਆ: ਸੁਖਬੀਰ ਬਾਦਲ

'ਆਪ' ਸਰਕਾਰ ਦੇ ਆਉਣ ਨਾਲ ਸੂਬੇ ਦਾ ਬੇੜਾ ਗਰਕ ਹੋਇਆ: ਸੁਖਬੀਰ ਬਾਦਲ

ਚੰਡੀਗੜ੍ਹ/ਜਲੰਧਰ (ਜ. ਬ.)- ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਸੂਬੇ ਦਾ ਬੇੜਾ ਗਰਕ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਹੁਣ ਤਾਂ 4 ਸਾਲਾਂ ਦੇ ਰਾਜ ਦੌਰਾਨ ਸੂਬੇ ਦੇ ਲੋਕ ਘਰ ਛੱਡ ਕੇ ਹੋਰਨਾਂ ਰਾਜਾਂ ਵੱਲ ਮੂੰਹ ਕਰਨ ਲੱਗ ਪਏ ਹਨ ਕਿਉਂਕਿ ਇਹ ਪਤਾ ਹੀ ਨਹੀਂ ਲੱਗਦਾ ਕਿਹੜੇ ਪਾਸਿਓਂ ਗੋਲ਼ੀ ਆਉਣੀ ਹੈ ਅਤੇ ਹਰ ਦਿਨ ਲੁੱਟ-ਖੋਹ ਅਤੇ ਕਤਲ ਹੋ ਰਹੇ ਹਨ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਹੀ।

ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਦਿਆਂ ਹੀ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਦੀਆਂ ਧੱਜੀਆਂ ਉੱਡਣੀਆਂ ਸ਼ੁਰੂ ਹੋ ਗਈਆਂ। ਮੁੱਖ ਮੰਤਰੀ ਕੋਲ ਤਾਂ ਸਿਵਾਏ ਚੁਟਕਲੇ ਸੁਣਾਉਣ ਦੇ ਹੋਰ ਕੋਈ ਕੰਮ ਨਹੀਂ ਹੈ, ਜਦਕਿ ਸੂਬੇ ’ਚ ਗੈਂਗਸਟਰ ਤੇ ਲੁਟੇਰੇ ਦਨਦਨਾਉਂਦੇ ਫਿਰਦੇ ਹਨ। ਆਏ ਦਿਨ ਵਪਾਰੀਆਂ ਅਤੇ ਡਾਕਟਰਾਂ ਨੂੰ ਫਿਰੌਤੀਆਂ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬਹੁਤੇ ਵਪਾਰੀਆਂ ਅਤੇ ਡਾਕਟਰਾਂ ਨੇ ਆਪਣਾ ਕਾਰੋਬਾਰ ਹੀ ਦੂਜੇ ਸੂਬਿਆਂ ’ਚ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦਾ ਇੰਨਾ ਦਬਦਬਾ ਵਧ ਗਿਆ ਹੈ ਕਿ ਪੁਲਸ ਵੀ ਹੱਥ ਖੜ੍ਹੇ ਕਰਨ ਲੱਗ ਪਈ ਹੈ। ਲੋਕਾਂ ਨੂੰ ਅਜਿਹੇ ਦਿਨ ਵੇਖਣੇ ਪੈ ਰਹੇ ਹਨ ਕਿ ਜਿੱਥੇ ਪੁਲਸ ਅਤੇ ਗੈਂਸਟਸਟਰ ਕਥਿਤ ਤੌਰ ’ਤੇ ਰਲੇ ਹੋਏ ਹੋਣ। ਪਿਛਲੇ 4 ਸਾਲਾਂ ਤੋਂ ਪੰਜਾਬ ਕੋਲ ਕੋਈ ਪਰਮਾਨੈਂਟ ਡੀ. ਜੀ. ਪੀ. ਨਹੀਂ ਹੈ। ਸੁਖਬੀਰ ਬਾਦਲ ਨੇ ਭਗਵੰਤ ਮਾਨ ਸਰਕਾਰ ’ਤੇ ਵਰਦਿਆਂ ਕਿਹਾ ਕਿ ਮੁੱਖ ਮੰਤਰੀ ਅਤੇ ਉਸ ਦੇ ਮੰਤਰੀਆਂ ਨੂੰ ਦਿੱਲੀ ਦੇ ‘ਆਪ’ ਅਕਾਵਾਂ ਤੋਂ ਜੋ ਹਦਾਇਤਾਂ ਮਿਲਦੀਆਂ ਹਨ, ਉਸ ਮੁਤਾਬਕ ਹੀ ਕੰਮ ਹੁੰਦੇ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਸੂਬੇ ’ਚ ਕੋਈ ਵੀ ਵਿਕਾਸ ਕੰਮ ਨਹੀਂ ਹੋਇਆ। ਸੜਕਾਂ ਦਾ ਬੁਰਾ ਹਾਲ ਹੈ, ਸੀਵਰੇਜ ਹਰ ਸ਼ਹਿਰ ’ਚ ਓਵਰਫਲੋਅ ਹੋ ਰਿਹਾ ਹੈ। ਕੋਈ ਵੱਡਾ ਪ੍ਰਾਜੈਕਟ ਸੂਬੇ ’ਚ ਨਹੀਂ ਆਇਆ। ਮੁੱਖ ਮੰਤਰੀ ਵਿਦੇਸ਼ਾਂ ਤੋਂ ਸਰਮਾਇਆ ਲਿਆਉਣ ਲਈ ਕਈ ਵਾਰ ਵੱਖ-ਵੱਖ ਦੇਸ਼ਾਂ ਦਾ ਦੌਰਾ ਵੀ ਕਰ ਚੁੱਕੇ ਹਨ ਪਰ ਬਾਹਰੋਂ ਅਜੇ ਤੱਕ ਕਿਸੇ ਵੀ ਵੱਡੀ ਫਰਮ ਨੇ ਸੂਬੇ ’ਚ ਪੈਸਾ ਨਹੀਂ ਲਾਇਆ। ਮੁੱਖ ਮੰਤਰੀ ਅਤੇ ਅਫ਼ਸਰਾਂ ਦੇ ਦੌਰਿਆਂ ਦੇ ਖ਼ਰਚੇ ਸੂਬੇ ਦੀ ਪਹਿਲਾਂ ਹੀ ਟੁੱਟੀ ਕਮਰ ਨੂੰ ਹੋਰ ਤੋੜ ਰਹੇ ਹਨ। ਅਜਿਹੀ ਨਿਕੰਮੀ ਤੇ ਭ੍ਰਿਸ਼ਟ ਸਰਕਾਰ ਨਹੀਂ ਆਈ ਤੇ ਆਮ ਆਦਮੀ ਪਾਰਟੀ ਦੇ ਇਹ ਪਹਿਲੀ ਅਤੇ ਆਖਰੀ ਸਰਕਾਰ ਸੂਬੇ ’ਚ ਹੋਵੇਗੀ, ਕਿਉਂਕਿ ਲੋਕ ਇਸ ਸਰਕਾਰ ਤੋਂ ਬੁਰੀ ਤਰ੍ਹਾਂ ਅੱਕੇ ਪਏ ਹਨ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS