Big Breaking: ਪੰਜਾਬ ਪੁਲਸ ਦੇ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ

Big Breaking: ਪੰਜਾਬ ਪੁਲਸ ਦੇ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ

ਮੁੱਲਾਂਪੁਰ ਦਾਖਾ (ਕਾਲੀਆ): ਲੁਧਿਆਣਾ 'ਚ ਇਕ ਪੁਲਸ ਮੁਲਾਜ਼ਮ ਦੀ ਸ਼ੱਕੀ ਹਾਲਾਤ ਵਿਚ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਅਨੋਜ ਮਸੀਹ ਵਜੋਂ ਹੋਈ ਹੈ, ਜੋ ਕਿ ਪੁਲਸ ਕਾਂਸਟੇਬਲ ਸੀ ਤੇ ਉਸ ਦੀ ਉਮਰ ਮਹਿਜ਼ 24-25 ਸਾਲ ਦੇ ਕਰੀਬ ਸੀ। ਅਨੋਜ ਨੂੰ ਕੁਝ ਦੇਰ ਪਹਿਲਾਂ ਹੀ ਆਪਣੇ ਪਿਤਾ ਦੀ ਜਗ੍ਹਾ ਤਰਸ ਦੇ ਅਧਾਰ 'ਤੇ ਨੌਕਰੀ ਮਿਲੀ ਸੀ। 

ਜਾਣਕਾਰੀ ਮੁਤਾਬਕ ਅਨੋਜ ਮਸੀਹ ਇਸ ਵੇਲੇ ਲੁਧਿਆਣਾ-ਫਿਰੋਜ਼ਪੁਰ ਰਾਸ਼ਟਰੀ ਮਾਰਗ 'ਤੇ ਸਥਿਤ ਲਗਜ਼ਰੀ ਕਾਰ ਸ਼ੋਅਰੂਮ ਵਿਚ ਤਾਇਨਾਤ ਸੀ। ਉਸ ਸ਼ੋਅਰੂਮ ਦੇ ਮਾਲਕ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ 16 ਜਨਵਰੀ ਨੂੰ ਉਸ ਨੂੰ ਪੁਲਸ ਸੁਰੱਖਿਆ ਮਿਲੀ ਸੀ ਤੇ ਅਨੋਜ ਮਸੀਹ ਨੂੰ ਵੀ ਹੋਰ ਮੁਲਾਜ਼ਮਾਂ ਦੇ ਨਾਲ ਇੱਥੇ ਤਾਇਨਾਤ ਕੀਤਾ ਗਿਆ ਸੀ। 

ਡਿਊਟੀ ਦੌਰਾਨ ਦੇਰ ਰਾਤ ਅਨੋਜ ਦੀ ਸਰਕਾਰੀ ਰਾਈਫ਼ਲ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਫ਼ਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸੁਰਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ, ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ ਕਿ ਇਹ ਖ਼ੁਦਕੁਸ਼ੀ ਹੈ ਜਾਂ ਗਲਤੀ ਨਾਲ ਗੋਲ਼ੀ ਚੱਲਣ ਨਾਲ ਅਨੋਜ ਦੀ ਮੌਤ ਹੋਈ ਹੈ। 

ਇਸ ਸਬੰਧੀ ਡੀ.ਐੱਸ.ਪੀ. ਵਰਿੰਦਰ ਸਿੰਘ ਖ਼ੋਸਾ ਨੇ ਦੱਸਿਆ ਕਿ ਅਨੋਜ ਮਸੀਹ ਦੀ ਡਿਊਟੀ ਕਾਰਾਂ ਦੇ ਸ਼ੋਅਰੂਮ ਵਿਖੇ ਲਗਾਈ ਗਈ ਸੀ। ਬੀਤੀ ਰਾਤ 12 ਵਜੇ ਦੇ ਕਰੀਬ ਉਸ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਗੋਲ਼ੀ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Credit : www.jagbani.com

  • TODAY TOP NEWS