ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ)- ਵਿਜੀਲੈਂਸ ਬਿਊਰੋ ਨੇ ਪੰਜਾਬ ਵਕਫ਼ ਬੋਰਡ ਦਫ਼ਤਰ ਗੜ੍ਹਸ਼ੰਕਰ ਵਿਖੇ ਤਾਇਨਾਤ ਰੈਂਟ ਕੁਲੈਕਟਰ ਮੁਹੰਮਦ ਯਾਸੀਨ ਅਤੇ ਪੰਜਾਬ ਵਕਫ਼ ਬੋਰਡ ਦਫ਼ਤਰ ਗੜ੍ਹਸ਼ੰਕਰ ਵਿਖੇ ਤਾਇਨਾਤ ਠੇਕਾ ਆਧਾਰਿਤ ਚਪੜਾਸੀ ਮੁਹੰਮਦ ਤਾਲੀਮ ਨੂੰ 18000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਨੂੰ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ ਦੇ ਇਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਿਕਾਇਤ ਕਰਤਾ ਨੇ 2018 ਤੋਂ 2021 ਦੀ ਮਿਆਦ ਲਈ ਤਹਿਸੀਲ ਬਲਾਚੌਰ ਦੇ ਪਿੰਡ ਭੱਦੀ ਵਿਖੇ ਸਥਿਤ ਪੰਜਾਬ ਵਕਫ਼ ਬੋਰਡ ਦੀ 10 ਕਨਾਲ ਜ਼ਮੀਨ ਲੀਜ਼ ’ਤੇ ਲਈ ਸੀ। 2021 ’ਚ ਲੀਜ਼ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਲੀਜ਼ ਦੇ ਨਵੀਨੀਕਰਨ ਲਈ ਮੁਹੰਮਦ ਯਾਸੀਨ ਨਾਲ ਪੰਜਾਬ ਵਕਫ਼ ਬੋਰਡ ਦਫ਼ਤਰ, ਗੜ੍ਹਸ਼ੰਕਰ ਵਿਖੇ ਸੰਪਰਕ ਕੀਤਾ।
ਮੁਹੰਮਦ ਯਾਸੀਨ ਨੇ ਲੀਜ਼ ਦੇ ਨਵੀਨੀਕਰਨ ਲਈ ਫਾਈਲ ਤਿਆਰ ਕਰਨ ਲਈ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤ ਕਰਤਾ ਨੇ ਉਕਤ ਰਕਮ ਦਾ ਭੁਗਤਾਨ ਕਰਨ ’ਚ ਅਸਮਰੱਥਾ ਪ੍ਰਗਟਾਈ ਤਾਂ ਫਿਰ ਰਿਸ਼ਵਤ ਦੀ ਮੰਗ ਨੂੰ ਘਟਾ ਕੇ 20,000 ਰੁਪਏ ਕਰ ਦਿੱਤਾ ਗਿਆ। ਇਸ ’ਚੋਂ ਮੁਹੰਮਦ ਯਾਸੀਨ ਨੇ ਮੌਕੇ ’ਤੇ ਹੀ 2,000 ਰੁਪਏ ਰਿਸ਼ਵਤ ਵਜੋਂ ਲਏ ਸਨ ਅਤੇ ਸ਼ਿਕਾਇਤ ਕਰਤਾ ਨੂੰ ਬਾਕੀ 18,000 ਰੁਪਏ ਬਾਅਦ ’ਚ ਅਦਾ ਕਰਨ ਲਈ ਕਿਹਾ ਗਿਆ ਸੀ। ਸ਼ਿਕਾਇਤਕਰਤਾ ਨੇ ਬਤੌਰ ਸਬੂਤ ਗੱਲਬਾਤ ਰਿਕਾਰਡ ਕਰ ਲਈ ਸੀ।
ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਐੱਸ. ਬੀ. ਐੱਸ. ਨਗਰ ਨੇ ਦੋਵਾਂ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ 18,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com