ਸਪੋਰਟਸ ਡੈਸਕ- ਆਈਸੀਸੀ ਪੁਰਸ਼ ਅੰਡਰ-19 ਵਰਲਡ ਕੱਪ 2026 ਵਿੱਚ ਭਾਰਤੀ ਟੀਮ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਇਤਿਹਾਸ ਰਚ ਦਿੱਤਾ ਹੈ। ਬੁੱਧਵਾਰ ਨੂੰ ਹਰਾਰੇ ਸਪੋਰਟਸ ਕਲੱਬ ਵਿਖੇ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਲਗਾਤਾਰ ਛੇਵੀਂ ਵਾਰ ਅਤੇ ਕੁੱਲ 10ਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈ ਹੈ।
ਅਫਗਾਨਿਸਤਾਨ ਨੇ ਭਾਰਤ ਸਾਹਮਣੇ ਜਿੱਤ ਲਈ 311 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਸੀ। ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਟੀਚੇ ਨੂੰ ਸਿਰਫ਼ 41.1 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਅੰਡਰ-19 ਵਰਲਡ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਟੀਮ ਨੇ ਇੰਨੇ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਹੋਵੇ।
ਭਾਰਤ ਦੀ ਜਿੱਤ ਦੇ ਅਸਲੀ ਹੀਰੋ ਐਰੋਨ ਜਾਰਜ ਰਹੇ, ਜਿਨ੍ਹਾਂ ਨੇ 104 ਗੇਂਦਾਂ ਵਿੱਚ 15 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 115 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਭਾਰਤ ਨੂੰ ਤੂਫਾਨੀ ਸ਼ੁਰੂਆਤ ਦਿੱਤੀ ਅਤੇ ਸਿਰਫ਼ 24 ਗੇਂਦਾਂ ਵਿੱਚ ਆਪਣੀ ਫਿਫਟੀ ਪੂਰੀ ਕੀਤੀ। ਉਨ੍ਹਾਂ ਨੇ 33 ਗੇਂਦਾਂ ਵਿੱਚ 68 ਦੌੜਾਂ (9 ਚੌਕੇ, 4 ਛੱਕੇ) ਬਣਾਈਆਂ। ਕਪਤਾਨ ਆਯੁਸ਼ ਮ੍ਹਾਤਰੇ ਨੇ ਵੀ 59 ਗੇਂਦਾਂ ਵਿੱਚ 62 ਦੌੜਾਂ ਦਾ ਅਹਿਮ ਯੋਗਦਾਨ ਪਾਇਆ।
ਉਪ-ਕਪਤਾਨ ਵਿਹਾਨ ਮਲਹੋਤਰਾ 38 ਦੌੜਾਂ ਬਣਾ ਕੇ ਅਜੇਤੂ ਰਹੇ।
ਅਫਗਾਨਿਸਤਾਨ ਦੇ ਦੋ ਸੈਂਕੜੇ ਗਏ ਬੇਕਾਰ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ ਨਿਰਧਾਰਿਤ 50 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 310 ਦੌੜਾਂ ਬਣਾਈਆਂ ਸਨ। ਅਫਗਾਨਿਸਤਾਨ ਵੱਲੋਂ ਫੈਸਲ ਸ਼ਿਨੋਜ਼ਾਦਾ ਨੇ 110 ਦੌੜਾਂ ਅਤੇ ਉਜ਼ੈਰੁੱਲ੍ਹਾ ਨਿਆਜ਼ਈ ਨੇ ਅਜੇਤੂ 101 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਤੀਜੇ ਵਿਕਟ ਲਈ 148 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ, ਪਰ ਭਾਰਤੀ ਬੱਲੇਬਾਜ਼ੀ ਅੱਗੇ ਇਹ ਸਕੋਰ ਵੀ ਛੋਟਾ ਸਾਬਤ ਹੋਇਆ। ਭਾਰਤ ਵੱਲੋਂ ਕਨਿਸ਼ਕ ਚੌਹਾਨ ਨੇ ਸਭ ਤੋਂ ਵੱਧ 2 ਵਿਕਟਾਂ ਝਟਕਾਈਆਂ।
ਹੁਣ ਫਾਈਨਲ 'ਚ ਇੰਗਲੈਂਡ ਨਾਲ ਹੋਵੇਗੀ ਟੱਕਰ
5 ਵਾਰ ਦੀ ਚੈਂਪੀਅਨ ਭਾਰਤੀ ਟੀਮ ਹੁਣ 6 ਫਰਵਰੀ ਨੂੰ ਹਰਾਰੇ ਵਿੱਚ ਹੋਣ ਵਾਲੇ ਖਿਤਾਬੀ ਮੁਕਾਬਲੇ ਵਿੱਚ ਇੰਗਲੈਂਡ ਨਾਲ ਭਿੜੇਗੀ। ਇੰਗਲੈਂਡ ਨੇ ਪਹਿਲੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 27 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਭਾਰਤ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਜੇਤੂ ਰਿਹਾ ਹੈ ਅਤੇ ਉਸ ਦੀ ਨਜ਼ਰ ਹੁਣ 6ਵੇਂ ਖਿਤਾਬ 'ਤੇ ਹੋਵੇਗੀ।
Credit : www.jagbani.com