ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਇਰਾਨ-ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਨੇ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਸੰਕਟ ਦੀ ਸਥਿਤੀ ਵਿੱਚ, ਬੰਗਲਾਦੇਸ਼ ਨੂੰ ਆਪਣੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਦਾ ਵੱਡਾ ਸਾਥ ਮਿਲਿਆ ਹੈ। ਅੱਜ ਭਾਰਤ ਤੋਂ 5,000 ਟਨ ਡੀਜ਼ਲ ਦੀ ਖੇਪ 'ਭਾਰਤ-ਬੰਗਲਾਦੇਸ਼ ਫਰੈਂਡਸ਼ਿਪ ਪਾਈਪਲਾਈਨ' ਰਾਹੀਂ ਬੰਗਲਾਦੇਸ਼ ਪਹੁੰਚ ਗਈ ਹੈ।
ਬੰਗਲਾਦੇਸ਼ ਪੈਟਰੋਲੀਅਮ ਕਾਰਪੋਰੇਸ਼ਨ (BPC) ਦੇ ਚੇਅਰਮੈਨ ਮੁਹੰਮਦ ਰੇਜ਼ਾਨੂਰ ਰਹਿਮਾਨ ਨੇ ਦੱਸਿਆ ਕਿ ਭਾਰਤ ਨਾਲ ਇੱਕ ਪੁਰਾਣਾ ਸਮਝੌਤਾ ਹੈ, ਜਿਸ ਤਹਿਤ ਭਾਰਤ ਹਰ ਸਾਲ ਬੰਗਲਾਦੇਸ਼ ਨੂੰ 1,80,000 ਟਨ ਡੀਜ਼ਲ ਸਪਲਾਈ ਕਰੇਗਾ। ਚੇਅਰਮੈਨ ਨੇ ਇਕ ਬਿਆਨ 'ਚ ਕਿਹਾ, "ਅੱਜ ਆਈ 5,000 ਟਨ ਡੀਜ਼ਲ ਦੀ ਖੇਪ ਇਸੇ ਸਮਝੌਤੇ ਦਾ ਹਿੱਸਾ ਹੈ। ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਨੂੰ ਦੇਖਦੇ ਹੋਏ, ਅਸੀਂ ਅਗਲੇ ਦੋ ਮਹੀਨਿਆਂ ਵਿੱਚ 6 ਮਹੀਨਿਆਂ ਦਾ ਕੋਟਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"

ਜ਼ਿਕਰਯੋਗ ਹੈ ਕਿ ਮੱਧ ਪੂਰਬ ਵਿੱਚ ਜੰਗ ਕਾਰਨ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਬੰਗਲਾਦੇਸ਼, ਜੋ ਆਪਣੀ ਤੇਲ ਦੀ ਜ਼ਰੂਰਤ ਦਾ ਵੱਡਾ ਹਿੱਸਾ ਦਰਾਮਦ ਕਰਦਾ ਹੈ, ਇਸ ਸਮੇਂ ਗੰਭੀਰ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਤੇਲ ਦੀ ਕਿੱਲਤ ਦੇ ਡਰੋਂ ਲੋਕਾਂ ਵਿੱਚ 'ਪੈਨਿਕ ਬਾਇੰਗ' ਦੇਖੀ ਗਈ ਹੈ। ਇਸ ਨੂੰ ਰੋਕਣ ਲਈ ਬੰਗਲਾਦੇਸ਼ ਸਰਕਾਰ ਨੇ ਪੈਟਰੋਲ ਪੰਪਾਂ 'ਤੇ ਸਖ਼ਤ ਨਿਗਰਾਨੀ ਰੱਖੀ ਹੈ ਅਤੇ ਗੈਰ-ਕਾਨੂੰਨੀ ਸਟਾਕ ਕਰਨ ਵਾਲਿਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ।
ਇਹ ਡੀਜ਼ਲ ਸਪਲਾਈ ਨਾ ਸਿਰਫ਼ ਬੰਗਲਾਦੇਸ਼ ਲਈ ਇੱਕ ਰਾਹਤ ਹੈ, ਸਗੋਂ ਇਹ ਦੋਵਾਂ ਗੁਆਂਢੀ ਦੇਸ਼ਾਂ ਦੇ ਮਜ਼ਬੂਤ ਰਣਨੀਤਕ ਸਬੰਧਾਂ ਨੂੰ ਵੀ ਦਰਸਾਉਂਦੀ ਹੈ। ਅਸਾਮ ਦੀ ਨੁਮਲੀਗੜ੍ਹ ਰਿਫਾਇਨਰੀ (NRL) ਤੋਂ ਸਿੱਧੀ ਪਾਈਪਲਾਈਨ ਰਾਹੀਂ ਤੇਲ ਪਹੁੰਚਾਉਣਾ ਆਵਾਜਾਈ ਦੇ ਖਰਚੇ ਅਤੇ ਸਮੇਂ ਦੋਵਾਂ ਦੀ ਬੱਚਤ ਕਰਦਾ ਹੈ, ਜੋ ਕਿ ਇਸ ਮੁਸ਼ਕਲ ਸਮੇਂ ਵਿੱਚ ਬਹੁਤ ਅਹਿਮ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com