ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਸੈਸ਼ਨ ਦੇ ਚੌਥੇ ਦਿਨ ਦੀ ਕਾਰਵਾਈ ਦੌਰਾਨ ਹਲਕਾ ਮਜੀਠਾ ਤੋਂ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਸੱਤਾਧਾਰੀ ਧਿਰ ਦੇ ਵਿਧਾਇਕਾਂ 'ਤੇ ਸਦਨ ਵਿਚ ਔਰਤਾਂ ਦਾ ਮਜ਼ਾਕ ਬਣਾਏ ਜਾਣ ਦੇ ਦੋਸ਼ ਲਗਾਉਂਦੇ ਤਿੱਖਾ ਵਿਰੋਧ ਕੀਤਾ। ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਸਪੀਕਰ ਵੱਲੋਂ ਉਨ੍ਹਾਂ ਦਾ ਨਾਮ ਲਿਆ ਗਿਆ ਅਤੇ ਜਦੋਂ ਉਹ ਵਿਧਾਨ ਸਭਾ ਵਿਚ ਸੰਬੋਧਨ ਕਰਨ ਲੱਗੇ ਤਾਂ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਹੱਸਣ ਲੱਗ ਪਏ।
ਇਸ ਦਾ ਤਿੱਖਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਔਰਤਾਂ ਦੇ ਸਤਿਕਾਰ ਦੀ ਗੱਲ ਕਰਦੇ ਹੋ ਪਰ ਤੁਸੀਂ ਮੇਰੇ ਉਪਰ (ਗਨੀਵ ਕੌਰ) ਹੱਸ ਕੇ ਕਿਸ ਤਰ੍ਹਾਂ ਇਸ ਔਰਤਾਂ ਦੇ ਸਤਿਕਾਰ ਦੀ ਹਾਮੀ ਭਰ ਸਕਦੇ ਹੋ। ਉਨ੍ਹਾਂ ਕਿਹਾ ਕਿ ਜਿਹੜਾ ਇਥੇ ਬੀਬੀਆਂ ਦਾ ਮਖੌਲ ਬਣਾਇਆ ਜਾਂਦਾ ਹੈ ਕੀ ਇਹ ਇਨ੍ਹਾਂ ਨੂੰ ਸ਼ੋਭਾ ਦਿੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਬਾਹਰ ਜਾ ਕੇ ਜਿਹੜਾ ਬੀਬੀਆਂ ਲਈ ਟਿੱਪਣੀਆਂ ਕਰਦੇ ਹਨ, ਕਿਸੇ ਦੀ ਮਾਂ-ਭੈਣ ਨੂੰ ਇਹ ਬਾਹਰ ਜਾ ਕੇ ਭਾਬੀ-ਭਾਬੀ ਕਹਿ ਕੇ ਸੰਬੋਧਨ ਕਰਦੇ ਹਨ ਕੀ ਇਹ ਸ਼ੋਭਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਮੁੱਦੇ ਉਠਾਉਣ ਲਈ ਸਦਨ ਵਿੱਚ ਆਈ ਹਨ ਪਰ ਜੇ ਮਹਿਲਾਵਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾਵੇਗਾ ਤਾਂ ਇਹ ਲੋਕਤੰਤਰ ਅਤੇ ਵਿਧਾਨ ਸਭਾ ਦੀ ਮਰਿਆਦਾ ਦੋਵਾਂ ਲਈ ਠੀਕ ਨਹੀਂ ਹੈ। ਗਨੀਵ ਕੌਰ ਨੇ ਕਿਹਾ ਕਿ ਕਿਸੇ ਵੀ ਮਾਂ-ਭੈਣ ਨੂੰ “ਭਾਬੀ-ਭਾਬੀ” ਕਹਿਣਾ ਮਹਿਲਾਵਾਂ ਦਾ ਸਤਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਮਹਿਲਾਵਾਂ ਦੀ ਇੱਜ਼ਤ ਦੀ ਗੱਲ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਭਾਸ਼ਾ ਅਤੇ ਰਵੱਈਏ 'ਚ ਬਦਲਾਅ ਲਿਆਉਣਾ ਚਾਹੀਦਾ ਹੈ।
ਉਥੇ ਹੀ ਪੁਲਸ ਮੁਕਬਾਲਿਆਂ ਦਾ ਮੁੱਦਾ ਚੁੱਕਦੇ ਗਨੀਵ ਕੌਰ ਨੇ ਕਿਹਾ ਕਿ ਜਿਹੜੇ ਬੰਦਿਆਂ ਨੂੰ ਪੁਲਸ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਹੈ, ਉਹ ਵੀ ਕਿਸੇ ਦੇ ਪੁੱਤਰ ਹਨ ਕੀ ਉਨ੍ਹਾਂ ਨੂੰ 'ਆਪ' ਸਰਕਾਰ ਵੱਲੋਂ ਇਨਸਾਫ਼ ਦਿੱਤਾ ਜਾ ਰਿਹਾ ਹੈ। ਆਂਗਨਵਾੜੀ ਵਰਕਰਾਂ ਨੂੰ ਜਿਵੇਂ ਮਾਰਿਆ ਗਿਆ ਕਿ ਉਨ੍ਹਾਂ ਨੂੰ ਇਨਸਾਫ਼ ਮਿਲਿਆ। ਇਹ ਲੋਕ ਇਨਸਾਫ਼ ਦੇ ਇੱਜ਼ਤ ਦੀ ਗੱਲ ਕਰਦੇ ਹਨ, ਪਹਿਲਾਂ ਇਹ ਖ਼ੁਦ ਤਾਂ ਬੀਬੀਆਂ ਦੀ ਇਜ਼ੱਤ ਕਰ ਲੈਣ। ਉਨ੍ਹਾਂ ਕਿਹਾ ਕਿ ਸਰਕਾਰ ਇਨਸਾਫ਼ ਦੀ ਗੱਲ ਕਰਦੀ ਹੈ ਪਰ ਸਭ ਤੋਂ ਪਹਿਲਾਂ ਮਨੁੱਖੀ ਸੰਵੇਦਨਾਵਾਂ ਅਤੇ ਮਹਿਲਾਵਾਂ ਦੀ ਇੱਜ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਦੌਰਾਨ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਉਹ ਕਿਸੇ ਨਾਲ ਨਿੱਜੀ ਤੌਰ ‘ਤੇ ਟਕਰਾਅ ਨਹੀਂ ਚਾਹੁੰਦੇ ਪਰ ਜਦੋਂ ਮਹਿਲਾਵਾਂ ਦੇ ਸਤਿਕਾਰ ਦੀ ਗੱਲ ਆਉਂਦੀ ਹੈ ਤਾਂ ਉਹ ਚੁੱਪ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਉਮੀਦ ਕਰਦੀਆਂ ਹਨ ਕਿ ਸਦਨ 'ਚ ਬੈਠੇ ਸਾਰੇ ਮੈਂਬਰ ਉਨ੍ਹਾਂ ਦੀ ਇੱਜ਼ਤ ਕਰਨਗੇ ਅਤੇ ਮਹਿਲਾ ਸਸ਼ਕਤੀਕਰਨ ਦੀ ਗੱਲ ਸਿਰਫ਼ ਕਾਗਜ਼ਾਂ ਤੱਕ ਸੀਮਿਤ ਨਹੀਂ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com