ਲੁਧਿਆਣਾ (ਵੈੱਬ ਡੈਸਕ): ਅੱਜ ਪੰਜਾਬ ਦੀ ਸਿਆਸਤ ਵਿਚ ਇਕ ਵੱਡਾ ਉਲਟਫੇਰ ਹੋਇਆ ਹੈ, ਜਦੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਅਮਿਤ ਗੋਸਾਈਂ ਨੇ ਅਸਤੀਫ਼ਾ ਦੇ ਦਿੱਤਾ ਤੇ ਕੁਝ ਦੇਰ ਬਾਅਦ ਹੀ ਉਹ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਤੇ ਨਾਲ ਹੀ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਹਲਕਾ ਇੰਚਾਰਜ ਵੀ ਨਿਯੁਕਤ ਕਰ ਦਿੱਤਾ। ਦੱਸ ਦਈਏ ਕਿ ਅਮਿਤ ਗੋਸਾਈਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਵ. ਸਤਪਾਲ ਗੋਸਾਈਂ ਦੇ ਪੋਤਰੇ ਹਨ।
ਸੁਖਬੀਰ ਸਿੰਘ ਬਾਦਲ ਨੇ ਅਮਿਤ ਗੋਸਾਈਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿਚ ਸਵਾਗਤ ਕਰਦਿਆਂ ਆਖਿਆ ਕਿ ਅਮਿਤ ਆਪਣੇ ਦਾਦਾ ਸਤਪਾਲ ਗੋਸਾਈਂ ਜੀ ਦੇ ਕੰਮਾਂ ਵਿਚ ਸਹਿਯੋਗ ਕਰਦਾ ਰਿਹਾ ਹੈ। ਉਸ ਨੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਵਜੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਸੁਖਬੀਰ ਨੇ ਭਰੋਸਾ ਜਤਾਇਆ ਕਿ ਅਮਿਤ ਗੋਸਾਈਂ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਿਤ ਗੋਸਾਈਂ ਨੂੰ ਲੁਧਿਆਣਾ ਕੇਂਦਰੀ ਤੋਂ ਹਲਕਾ ਇੰਚਾਰਜ ਨਿਯੁਕਤ ਕਰਦਿਆਂ ਇਹ ਵੀ ਆਖਿਆ ਕਿ ਉਨ੍ਹਾਂ ਦੇ ਜਿਹੜੇ ਸਮਰਥਕ ਅਕਾਲੀ ਦਲ ਵਿਚ ਉਨ੍ਹਾਂ ਦੇ ਨਾਲ ਆਏ ਹਨ, ਉਨ੍ਹਾਂ ਨੂੰ ਵੀ ਬਣਦਾ ਮਾਣ ਸਤਿਕਾਰ ਅਤੇ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਸਤਪਾਲ ਗੋਸਾਈਂ ਨੇ ਸੋਸ਼ਲ ਮੀਡੀਆ 'ਤੇ ਆਖਿਆ ਸੀ ਕਿ ਉਹ ਅੱਜ ਦੁਖੀ ਮਨ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਇਹ ਗੱਲ ਵੀ ਆਖੀ ਸੀ ਕਿ ਉਨ੍ਹਾਂ ਤੋਂ ਪਾਰਟੀ ਦੀ ਦੁਰਦਸ਼ਾ ਦੇਖੀ ਨਹੀਂ ਜਾ ਰਹੀ, ਇਸ ਲਈ ਉਹ ਅਸਤੀਫ਼ਾ ਦੇ ਰਹੇ ਹਨ। ਇਸ ਦੇ ਨਾਲ ਹੀ ਗੋਸਾਈਂ ਨੇ ਆਖਿਆ ਕਿ ਉਨ੍ਹਾਂ ਨੇ ਇਹ ਫ਼ੈਸਲਾ ਕਿਉਂ ਲਿਆ, ਇਸ ਦੀ ਵਜ੍ਹਾ ਹਰ ਕੋਈ ਜਾਣਦਾ ਹੈ। ਉਨ੍ਹਾਂ ਆਪਣੀ ਪੋਸਟ ਦੇ ਅਖੀਰ ਵਿਚ 'ਜੈ ਸ਼੍ਰੀ ਰਾਮ' ਵੀ ਲਿਖਿਆ ਸੀ।
Credit : www.jagbani.com