ਪ੍ਰਦਰਸ਼ਨਕਾਰੀਆਂ ਖਿਲਾਫ ਈਰਾਨ ਦਾ ਸਖਤ ਕਦਮ! ਚੈਂਪੀਅਨ ਰੈਸਲਰ ਸਣੇ 3 ਨੂੰ ਦਿੱਤੀ ਫਾਂਸੀ

ਪ੍ਰਦਰਸ਼ਨਕਾਰੀਆਂ ਖਿਲਾਫ ਈਰਾਨ ਦਾ ਸਖਤ ਕਦਮ! ਚੈਂਪੀਅਨ ਰੈਸਲਰ ਸਣੇ 3 ਨੂੰ ਦਿੱਤੀ ਫਾਂਸੀ

ਤਹਿਰਾਨ: ਈਰਾਨ ਦੀ ਸਰਕਾਰ ਵੱਲੋਂ ਵੀਰਵਾਰ ਨੂੰ 19 ਸਾਲਾ ਚੈਂਪੀਅਨ ਰੈਸਲਰ ਸਾਲੇਹ ਮੁਹੰਮਦੀ (Saleh Mohammadi) ਅਤੇ ਦੋ ਹੋਰ ਵਿਅਕਤੀਆਂ ਨੂੰ ਜਨਤਕ ਤੌਰ 'ਤੇ ਫਾਂਸੀ ਦੇ ਦਿੱਤੀ ਗਈ ਹੈ। ਇਹ ਤਿੰਨੋਂ ਜਨਵਰੀ ਵਿੱਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਗ੍ਰਿਫਤਾਰ ਕੀਤੇ ਗਏ ਸਨ।

ਤਸੀਹੇ ਅਤੇ 'ਫਰਜ਼ੀ' ਮੁਕੱਦਮੇ ਦੇ ਲੱਗੇ ਦੋਸ਼
ਕੁਮ (Qom) ਸ਼ਹਿਰ ਦੇ ਰਹਿਣ ਵਾਲੇ ਉਭਰਦੇ ਸਿਤਾਰੇ ਸਾਲੇਹ ਮੁਹੰਮਦੀ 'ਤੇ 'ਰੱਬ ਵਿਰੁੱਧ ਜੰਗ' ਛੇੜਨ ਦਾ ਦੋਸ਼ ਲਗਾਇਆ ਗਿਆ ਸੀ। ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਮੁਹੰਮਦੀ ਨੂੰ ਤਸੀਹੇ ਦੇ ਕੇ ਜ਼ਬਰਦਸਤੀ ਗੁਨਾਹ ਕਬੂਲ ਕਰਵਾਇਆ ਗਿਆ ਅਤੇ ਬਿਨਾਂ ਕਿਸੇ ਨਿਰਪੱਖ ਸੁਣਵਾਈ ਦੇ ਫਾਂਸੀ ਦੇ ਦਿੱਤੀ ਗਈ। ਐਮਨੈਸਟੀ ਇੰਟਰਨੈਸ਼ਨਲ ਨੇ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਬਚਾਅ ਦਾ ਕੋਈ ਢੁਕਵਾਂ ਮੌਕਾ ਨਹੀਂ ਦਿੱਤਾ ਗਿਆ।

ਸਿਆਸੀ ਕਤਲ ਕਰਾਰ
ਮਨੁੱਖੀ ਅਧਿਕਾਰ ਕਾਰਕੁਨ ਅਤੇ ਅਥਲੀਟ ਨੀਮਾ ਫਾਰ ਨੇ ਇਸ ਫਾਂਸੀ ਨੂੰ "ਸ਼ਰੇਆਮ ਸਿਆਸੀ ਕਤਲ" ਦੱਸਿਆ ਹੈ। ਉਨ੍ਹਾਂ ਕਿਹਾ ਕਿ ਈਰਾਨ ਸਰਕਾਰ ਖਿਡਾਰੀਆਂ ਨੂੰ ਨਿਸ਼ਾਨਾ ਬਣਾ ਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਹੰਮਦੀ ਦੇ ਨਾਲ ਮਹਿਦੀ ਘਾਸੇਮੀ ਅਤੇ ਸਈਦ ਦਾਊਦੀ ਨੂੰ ਵੀ ਫਾਂਸੀ ਦਿੱਤੀ ਗਈ ਹੈ। ਈਰਾਨੀ ਸਰਕਾਰੀ ਮੀਡੀਆ ਮੁਤਾਬਕ ਇਨ੍ਹਾਂ 'ਤੇ ਪ੍ਰਦਰਸ਼ਨਾਂ ਦੌਰਾਨ ਦੋ ਪੁਲਸ ਅਧਿਕਾਰੀਆਂ ਦੀ ਹੱਤਿਆ ਕਰਨ ਦਾ ਦੋਸ਼ ਸੀ।

ਅੰਤਰਰਾਸ਼ਟਰੀ ਪੱਧਰ 'ਤੇ ਪਾਬੰਦੀ ਦੀ ਮੰਗ
ਨੀਮਾ ਫਾਰ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਅਤੇ ਯੂਨਾਈਟਿਡ ਵਰਲਡ ਰੈਸਲਿੰਗ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਈਰਾਨ ਪ੍ਰਦਰਸ਼ਨਕਾਰੀਆਂ ਅਤੇ ਅਥਲੀਟਾਂ ਨੂੰ ਫਾਂਸੀ ਦੇਣਾ ਬੰਦ ਨਹੀਂ ਕਰਦਾ, ਉਦੋਂ ਤੱਕ ਉਸ 'ਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ 'ਤੇ ਪਾਬੰਦੀ ਲਗਾਈ ਜਾਵੇ। 

ਇਹ ਘਟਨਾ 2020 ਵਿੱਚ ਚੈਂਪੀਅਨ ਰੈਸਲਰ ਨਵਿਦ ਅਫਕਾਰੀ ਨੂੰ ਦਿੱਤੀ ਗਈ ਫਾਂਸੀ ਦੀ ਯਾਦ ਦਿਵਾਉਂਦੀ ਹੈ। ਜ਼ਿਕਰਯੋਗ ਹੈ ਕਿ ਜਨਵਰੀ ਦੇ ਪ੍ਰਦਰਸ਼ਨਾਂ ਦੌਰਾਨ ਈਰਾਨੀ ਸੁਰੱਖਿਆ ਬਲਾਂ ਨੇ ਵੱਡੀ ਪੱਧਰ 'ਤੇ ਕਾਰਵਾਈ ਕੀਤੀ ਸੀ, ਜਿਸ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS