ਸਿੱਧਵਾਂ ਬੇਟ (ਚਾਹਲ) : ਨੇੜਲੇ ਪਿੰਡ ਜੰਡੀ ਵਿਖੇ ਕਿਸਾਨ ਹਰਜਿੰਦਰ ਸਿੰਘ ਦੇ ਹੋਏ ਸਨਸਨੀਖੇਜ਼ ਕਤਲ ਮਾਮਲੇ ਵਿਚ ਪੁਲਸ ਨੇ 24 ਘੰਟਿਆਂ ਅੰਦਰ ਹੀ ਅਹਿਮ ਕਾਮਯਾਬੀ ਹਾਸਲ ਕੀਤੀ ਹੈ। ਪੁਲਸ ਨੇ ਕੜੀ ਨਾਲ ਕੜੀ ਜੋੜਦਿਆਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਲਗਭਗ ਸੁਲਝਾ ਲਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਇਸ ਕਤਲ ਦਾ ਕਾਰਨ ਕੋਈ ਬਾਹਰੀ ਦਖਲ ਨਹੀਂ, ਸਗੋਂ ਲੰਮੇ ਸਮੇਂ ਤੋਂ ਚੱਲ ਰਿਹਾ ਘਰੇਲੂ ਕਲੇਸ਼ ਹੈ। ਪੁਲਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੀ ਦੂਜੀ ਪਤਨੀ ਦੇ ਲੜਕੇ ਜਸਕਰਨ ਸਿੰਘ ਨੂੰ ਕਥਿਤ ਮੁੱਖ ਦੋਸ਼ੀ ਵਜੋਂ ਨਾਮਜ਼ਦ ਕਰਕੇ ਕਾਬੂ ਕਰ ਲਿਆ ਹੈ, ਜਿਸ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਹਰਜਿੰਦਰ ਸਿੰਘ ਦੀ ਮੌਤ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਸੀ। ਕਥਿਤ ਦੋਸ਼ੀ ਪੁੱਤਰ ਨੇ ਸੁੱਤੇ ਪਏ ਪਿਤਾ ਹਰਜਿੰਦਰ ਸਿੰਘ ਦੇ ਸਿਰ 'ਤੇ ਕੁਹਾੜੀ ਦੇ ਪੁੱਠੇ ਪਾਸੇ ਨਾਲ ਵਾਰ ਕਰਕੇ ਉਸਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਾਂਚ ਨੂੰ ਭਟਕਾਉਣ ਲਈ ਅਲਮਾਰੀ ਦਾ ਸਮਾਨ ਅਤੇ ਕਾਗਜ਼ਾਤ ਖਿਲਾਰੇ ਗਏ ਸਨ ਤਾਂ ਜੋ ਇਹ ਲੁੱਟ-ਖੋਹ ਦਾ ਮਾਮਲਾ ਲੱਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com