ਗੁਰਦਾਸਪੁਰ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਮਾਮ ਪਾਰਟੀਆਂ ਦੇ ਸੁਹਿਰਦ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਬਚਾਉਣ ਦੇ ਲਈ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋ ਜਾਣ। ਉਨ੍ਹਾਂ ਆਖਿਆ ਕੇ ਜੇ ਹੁਣ ਪੰਜਾਬ ਨੂੰ ਨਾ ਬਚਾਇਆ ਗਿਆ ਤਾਂ ਦਿੱਲੀ ਵਾਲਿਆਂ ਨੇ ਤਬਾਹ ਕਰ ਦੇਣਾ ਹੈ। ਸੁਖਬੀਰ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਦਿੱਲੀ ਵਾਲੀਆਂ ਪਾਰਟੀਆਂ ਦੀ ਸਰਕਾਰ ਬਣੀ ਹੈ ਤਾਂ ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੀ ਹੈ, ਕਦੇ ਵੀ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਨਹੀਂ ਤੋਰਿਆ।
ਡੇਰਾ ਬਾਬਾ ਨਾਨਕ ਵਿਖੇ ਪੰਜਾਬ ਬਚਾਓ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੋਣਾਂ ਵਿਚ ਅਸੀਂ ਧੜੇਬੰਦੀਆਂ ਵਿਚ ਪੈ ਜਾਂਦੇ ਹਾਂ, ਪਰ ਪੰਜਾਬ ਨੂੰ ਬਚਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਦੱਸਿਆ ਕਿ ਏਜੰਸੀਆਂ ਹੁਣ ਇਕ ਹੋਰ ਅਕਾਲੀ ਦਲ ਖੜ੍ਹਾ ਕਰਨ ਦੀਆਂ ਕੋਸ਼ਿਸ਼ ਕਰਨਗੀਆਂ, ਤਾਂ ਜੋ ਸਿੱਖ ਕੌਮ ਦੀਆਂ ਵੋਟਾਂ ਵੰਡੀਆਂ ਜਾਣ ਤੇ ਅਸੀਂ ਠੱਗੀ ਮਾਰ ਕੇ ਅੱਗੇ ਨਿਕਲ ਜਾਈਏ। ਉਨ੍ਹਾਂ ਨੇ ਸਿੱਖ ਕੌਮ ਨੂੰ ਉਚੇਚੇ ਤੌਰ 'ਤੇ ਅਪੀਲ ਕੀਤੀ ਕਿ ਉਹ ਇਸ ਵਾਰ ਆਪਣੀਆਂ ਵੋਟਾਂ ਨਾ ਖਿੰਡਾਉਣ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਬਹੁਤ ਵੱਡਾ ਸਿੱਖ ਜਾਂ ਅਕਾਲੀ ਬਣਾ ਕੇ ਪੇਸ਼ ਕੀਤਾ ਜਾਵੇਗਾ, ਪਰ ਪੰਜਾਬੀ ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰ ਦਾ ਪਿਛੋਕੜ ਜ਼ਰੂਰ ਵੇਖਣ। ਉਨ੍ਹਾਂ ਕਿਹਾ ਕਿ ਜੇ ਪੰਜਾਬੀਆਂ ਨੇ ਅਜਿਹੇ ਲੋਕਾਂ ਨੂੰ ਮੌਕਾ ਦੇ ਦਿੱਤਾ ਤਾਂ ਉਹੀ ਹਾਲ ਹੋਵੇਗਾ ਜੋ ਭਗਵੰਤ ਮਾਨ ਨੂੰ ਮੌਕਾ ਦੇ ਕੇ ਹੋਇਆ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਸਰਕਾਰ ਬਣਨ ਮਗਰੋਂ ਸੰਗਰੂਰ ਵਿਚ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ ਤੇ ਅੱਜ ਚਾਰ ਸਾਲਾਂ ਬਾਅਦ ਈਦ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਮਾਲੇਰਕੋਟਲਾ ਵਿਖੇ ਗਿਆ ਤੇ ਐਲਾਨ ਕੀਤਾ ਕਿ ਮੈਂ ਕਾਲਜ ਲਈ ਜ਼ਮੀਨ ਦੇ ਕੇ ਚੱਲਿਆ ਹਾਂ। ਸੁਖਬੀਰ ਨੇ ਪੁੱਛਿਆ ਕਿ ਚਾਰ ਸਾਲਾਂ ਵਿਚ ਮੈਡੀਕਲ ਕਾਲਜ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ ਤੇ ਇਕੱਲਾ ਨੀਂਹ ਪੱਥਰ ਹੀ ਲੱਗਿਆ ਰਹਿ ਗਿਆ। ਹੁਣ ਤਾਂ ਇਹ ਟਰਾਂਸਫ਼ਾਰਮਰਾਂ ਤੇ ਗਲੀਆਂ ਦੀ ਮੁਰੰਮਤ ਦੇ ਵੀ ਨੀਂਹ ਪੱਥਰ ਰੱਖਣ ਲੱਗ ਪਏ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਲਾਅਰਾ ਲਾ ਕੇ ਹੁਣ 4 ਸਾਲਾਂ ਬਾਅਦ 1000-1000 ਰੁਪਏ ਦੇਣ ਦਾ ਐਲਾਨ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜੇ ਔਰਤਾਂ ਨੂੰ ਪੈਸੇ ਨਾ ਦਿੱਤੇ ਤਾਂ ਉਹ ਇਨ੍ਹਾਂ ਨੂੰ ਗਲੀਆਂ-ਮੁਹੱਲਿਆਂ ਵਿਚ ਵੀ ਵੜਣ ਨਹੀਂ ਦੇਣਗੀਆਂ। ਇਸ ਦੇ ਨਾਲ ਹੀ ਸੁਖਬੀਰ ਨੇ ਵੇਅਰਹਾਊਸ ਕਾਰਪੋਰੇਸ਼ਨ ਦੇ ਡੀ. ਐੱਮ. ਦੇ ਖ਼ੁਦਕੁਸ਼ੀ ਮਾਮਲੇ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਨ੍ਹਾਂ ਦੇ ਮੰਤਰ ਲਾਲਜੀਤ ਭੁੱਲਰ ਨੇ ਉਸ ਨੂੰ ਇੰਨਾ ਪ੍ਰੇਸ਼ਾਨ ਕੀਤਾ ਕਿ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਗਿਆ।
Credit : www.jagbani.com