ਬਿਜ਼ਨੈੱਸ ਡੈਸਕ : ਦੁਨੀਆ ਭਰ ਵਿੱਚ ਆਪਣੇ ਦਮ 'ਤੇ ਮੁਕਾਮ ਹਾਸਲ ਕਰਨ ਵਾਲੀਆਂ ਮਹਿਲਾ ਅਰਬਪਤੀਆਂ ਦੀ ਗਿਣਤੀ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਹੁਰੁਨ ਰਿਪੋਰਟ (Hurun Report) ਦੇ ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ 10 ਸਾਲਾਂ ਵਿੱਚ ਸੈਲਫ-ਮੇਡ ਮਹਿਲਾ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋ ਕੇ 150 ਤੱਕ ਪਹੁੰਚ ਗਈ ਹੈ। ਇਨ੍ਹਾਂ ਮਹਿਲਾਵਾਂ ਦੀ ਕੁੱਲ ਜਾਇਦਾਦ ਪਿਛਲੇ ਤਿੰਨ ਸਾਲਾਂ ਵਿੱਚ 52% ਵਧ ਕੇ 44 ਲੱਖ ਕਰੋੜ ਰੁਪਏ ਹੋ ਗਈ ਹੈ।
ਭਾਰਤ ਦੀਆਂ ਇਨ੍ਹਾਂ 3 ਮਹਿਲਾਵਾਂ ਨੇ ਚਮਕਾਇਆ ਨਾਂ
ਇਸ ਵੱਕਾਰੀ ਸੂਚੀ ਵਿੱਚ ਭਾਰਤ ਦੀਆਂ ਤਿੰਨ ਪ੍ਰਮੁੱਖ ਮਹਿਲਾ ਉੱਦਮੀਆਂ ਨੇ ਆਪਣੀ ਥਾਂ ਬਣਾਈ ਹੈ:
- ਰਾਧਾ ਵੇਂਬੂ: ਜੋਹੋ (Zoho) ਦੀ ਕੋ-ਫਾਊਂਡਰ ਰਾਧਾ ਵੇਂਬੂ 63,723 ਕਰੋੜ ਰੁਪਏ ਦੀ ਜਾਇਦਾਦ ਨਾਲ ਦੇਸ਼ ਦੀ ਸਭ ਤੋਂ ਅਮੀਰ ਸੈਲਫ-ਮੇਡ ਮਹਿਲਾ ਬਣ ਕੇ ਉਭਰੀ ਹੈ।
- ਫਾਲਗੁਨੀ ਨਾਇਰ: ਬਿਊਟੀ ਕੰਪਨੀ 'ਨਾਇਕਾ' (Nykaa) ਦੀ ਮਾਲਕਣ ਫਾਲਗੁਨੀ ਨਾਇਰ ਦੀ ਜਾਇਦਾਦ 43,107 ਕਰੋੜ ਰੁਪਏ ਹੈ।
- ਕਿਰਨ ਮਜ਼ੂਮਦਾਰ-ਸ਼ਾ: ਬਾਇਓਕਾਨ ਦੀ ਸੰਸਥਾਪਕ ਕਿਰਨ ਮਜ਼ੂਮਦਾਰ-ਸ਼ਾ 31,861 ਕਰੋੜ ਰੁਪਏ ਦੀ ਮਾਲਕਣ ਹੈ। ਇਸ ਤੋਂ ਇਲਾਵਾ, ਐੱਚ.ਸੀ.ਐੱਲ. (HCL) ਦੀ ਰੋਸ਼ਨੀ ਨਾਡਾਰ ਮਲਹੋਤਰਾ 3.37 ਲੱਖ ਕਰੋੜ ਰੁਪਏ ਦੀ ਜਾਇਦਾਦ ਨਾਲ ਦੁਨੀਆ ਦੀਆਂ ਸਭ ਤੋਂ ਅਮੀਰ ਮਹਿਲਾਵਾਂ ਦੀ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਹੈ।
ਰੈਂਕ ਨਾਮ ਦੌਲਤ ਦੇਸ਼
(ਲੱਖ ਕਰੋੜ ਰੁਪਏ)
1 ਐਲਿਸ ਵਾਲਟਨ 11.15 ਅਮਰੀਕਾ
2 ਜੂਲੀਆ ਕੋਚ 9.00 ਅਮਰੀਕਾ
3 ਫ੍ਰੈਂਕੋਇਸ ਬੇਟਨਕੋਰਟ ਮੇਅਰਸ 8.53 ਫਰਾਂਸ
4 ਜੈਕਲੀਨ ਮੈਸਨ 5.25 ਅਮਰੀਕਾ
5 ਆਇਰਿਸ ਫੋਰਟਬੋਨਾ 4.50 ਚਿਲੀ
6 ਅਬੀਗੈਲ ਜਾਨਸਨ 4.12 ਅਮਰੀਕਾ
7 ਮਰੀਅਮ ਐਡਲਸਨ 3.56 ਅਮਰੀਕਾ
8 ਰੋਸ਼ਨੀ ਨਾਡਾਰ ਮਲਹੋਤਰਾ 3.37 ਭਾਰਤ
9 ਈਲੇਨ ਮਾਰਸ਼ਲ 3.19 ਅਮਰੀਕਾ
10 ਮਾਰਲਿਨ ਸਿਮੰਸ 2.91 ਅਮਰੀਕਾ
- ਜਾਇਦਾਦ ਲੱਖ ਕਰੋੜ ਰੁਪਏ ਵਿਤਕ
ਚੀਨ ਦਾ ਦੁਨੀਆ ਭਰ 'ਚ ਦਬਦਬਾ
ਸੈਲਫ-ਮੇਡ ਮਹਿਲਾ ਅਰਬਪਤੀਆਂ ਦੇ ਮਾਮਲੇ ਵਿੱਚ ਚੀਨ ਦੁਨੀਆ ਦੀ ਰਾਜਧਾਨੀ ਬਣ ਕੇ ਉਭਰਿਆ ਹੈ। ਦੁਨੀਆ ਭਰ ਦੀਆਂ ਅਮੀਰ ਮਹਿਲਾਵਾਂ ਵਿੱਚ ਚੀਨ ਦੀ ਹਿੱਸੇਦਾਰੀ 52% ਹੈ, ਜਦਕਿ ਅਮਰੀਕਾ 27% ਨਾਲ ਦੂਜੇ ਸਥਾਨ 'ਤੇ ਹੈ। ਦੁਨੀਆ ਦੀਆਂ ਟਾਪ-10 ਅਮੀਰ ਮਹਿਲਾਵਾਂ ਵਿੱਚੋਂ 7 ਚੀਨ ਨਾਲ ਸਬੰਧਤ ਹਨ। ਸ਼ਹਿਰਾਂ ਦੀ ਗੱਲ ਕਰੀਏ ਤਾਂ ਬੀਜਿੰਗ, ਸ਼ੰਘਾਈ ਅਤੇ ਹਾਂਗਜ਼ੂ ਇਸ ਸੂਚੀ ਵਿੱਚ ਸਭ ਤੋਂ ਅੱਗੇ ਹਨ।
AI ਖੇਤਰ ਵਿੱਚ ਵਧ ਰਹੀ ਮਹਿਲਾਵਾਂ ਦੀ ਤਾਕਤ
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਵੀ ਔਰਤਾਂ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ। ਓਪਨ-ਏਆਈ (OpenAI) ਦੀ ਸਾਬਕਾ ਸੀਟੀਓ ਮੀਰਾ ਮੁਰਾਤੀ (1.2 ਅਰਬ ਡਾਲਰ) ਅਤੇ ਐਂਥਰੋਪਿਕ ਦੀ ਕੋ-ਫਾਊਂਡਰ ਡੈਨੀਏਲਾ ਅਮੋਦੇਈ (3.7 ਅਰਬ ਡਾਲਰ) ਵਰਗੀਆਂ ਮਹਿਲਾਵਾਂ ਨੇ ਤਕਨਾਲੋਜੀ ਦੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ ਹੈ। ਇਸ ਸੂਚੀ ਵਿੱਚ 28 ਸਾਲਾ ਕਾਇਲੀ ਜੇਨਰ ਸਭ ਤੋਂ ਘੱਟ ਉਮਰ ਦੀ ਅਰਬਪਤੀ ਹੈ।
ਦੇਸ਼ ਔਰਤਾਂ ਹਿੱਸੇਦਾਰੀ
ਚੀਨ 78 52%
ਅਮਰੀਕਾ 40 27%
ਯੂਕੇ 5 3%
ਭਾਰਤ 3 2%
ਹੋਰ ਦੇਸ਼ 24 16%
Credit : www.jagbani.com