ਅੰਮ੍ਰਿਤਸਰ (ਜ.ਬ.) - ਅੰਮ੍ਰਿਤਸਰ ਦੇ ਮਜੀਠਾ ਰੋਡ ਨਿਵਾਸੀ ਪ੍ਰਵੀਨ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜ ਕੇ ਆਪਣੇ ਭਰਾ ਵਿਨੋਦ ਕੁਮਾਰ ਦੀ ਆਤਮ-ਹੱਤਿਆ ਦੇ ਮਾਮਲੇ ਵਿਚ ਤੁਰੰਤ ਐੱਫ. ਆਈ. ਆਰ. ਦਰਜ ਕਰਨ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪ੍ਰਵੀਨ ਕੁਮਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ 35 ਸਾਲਾ ਭਰਾ ਵਿਨੋਦ ਕੁਮਾਰ ਨੂੰ 13 ਜਨਵਰੀ 2026 ਨੂੰ ਸਾਹ ਲੈਣ ’ਚ ਦਿੱਕਤ ਹੋਣ ਕਰ ਕੇ ਸੀ. ਐੱਚ. ਸੀ. ਲੋਪੋਕੇ ਲਿਜਾਇਆ ਗਿਆ ਸੀ, ਪਰ ਉੱਥੇ ਡਾਕਟਰਾਂ ਅਤੇ ਸਟਾਫ਼ ਨੇ ਸਮੇਂ ਸਿਰ ਜ਼ਰੂਰੀ ਮੈਡੀਕਲ ਜਾਂਚ ਅਤੇ ਇਲਾਜ ਨਹੀਂ ਕੀਤਾ।
ਪੱਤਰ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਸਟਾਫ਼ ਨੇ ਵਿਨੋਦ ਕੁਮਾਰ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ, ਉਨ੍ਹਾਂ ਨੂੰ ਵਾਰ-ਵਾਰ ਹਸਪਤਾਲ ਛੱਡਣ ਲਈ ਕਿਹਾ ਗਿਆ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਇਸੇ ਤਣਾਅ ਦੇ ਚੱਲਦਿਆਂ ਵਿਨੋਦ ਕੁਮਾਰ ਨੇ ਹਸਪਤਾਲ ਦੇ ਅੰਦਰ ਫਾਹਾ ਲੈ ਕੇ ਜਾਨ ਦੇ ਦਿੱਤੀ। ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ ਫਾਹਾ ਦੱਸਿਆ ਗਿਆ ਹੈ, ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਮੈਡੀਕਲ ਲਾਪ੍ਰਵਾਹੀ ਅਤੇ ਮਾਨਸਿਕ ਤਸ਼ੱਦਦ ਨਾਲ ਜੁੜਿਆ ਹੋਇਆ ਹੈ।
ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਲੋਪੋਕੇ ਥਾਣਾ ਅਤੇ ਐੱਸ. ਐੱਸ. ਪੀ. ਅੰਮ੍ਰਿਤਸਰ (ਦਿਹਾਤੀ) ਨੂੰ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ, ਪਰ ਹਾਲੇ ਤੱਕ ਐੱਫ. ਆਈ. ਆਰ. ਦਰਜ ਨਹੀਂ ਹੋਈ। ਉਨ੍ਹਾਂ ਨੇ ਜ਼ਿਲਾ ਮੈਡੀਕਲ ਬੋਰਡ ਦੀ ਰਿਪੋਰਟ ’ਤੇ ਵੀ ਸਵਾਲ ਉਠਾਉਂਦੇ ਹੋਏ ਉਸ ਨੂੰ ਖਾਰਜ ਕਰਨ ਅਤੇ ਨਵੇਂ ਸੁਤੰਤਰ ਹਾਈ-ਪਾਵਰ ਬੋਰਡ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿਚ ਪ੍ਰਵੀਨ ਕੁਮਾਰ ਨੇ ਮੰਗ ਕੀਤੀ ਹੈ ਕਿ ਜਿਵੇਂ ਡੀ. ਐੱਮ. ਗਗਨਦੀਪ ਰੰਧਾਵਾ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਪੀ. ਏ. ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਉਵੇਂ ਹੀ ਇਸ ਮਾਮਲੇ ਵਿਚ ਵੀ ਹਸਪਤਾਲ ਸਟਾਫ਼ ਅਤੇ ਜ਼ਿੰਮੇਵਾਰ ਡਾਕਟਰਾਂ ਵਿਰੁੱਧ ਲਾਪ੍ਰਵਾਹੀ ਨਾਲ ਮੌਤ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਵਰਗੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਸੀ.ਸੀ.ਟੀ.ਵੀ. ਫੁਟੇਜ, ਮੈਡੀਕਲ ਰਿਕਾਰਡ ਅਤੇ ਹੋਰ ਸਬੂਤ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com