ਅੰਮ੍ਰਿਤਸਰ: ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਰੁੱਧ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਸਿੱਧੀ ਮੰਗ ਕੀਤੀ ਹੈ।
ਸਰਕਾਰ ਦੀ 'ਸਮੂਹਿਕ ਜ਼ਿੰਮੇਵਾਰੀ' 'ਤੇ ਸਵਾਲ
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਇਹ ਸਰਕਾਰ ਦੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਅਤੇ ਸਿਰਫ਼ ਇੱਕ ਮੰਤਰੀ ਦਾ ਅਸਤੀਫ਼ਾ ਲੈਣਾ ਕਾਫ਼ੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਉਂਕਿ ਸਰਕਾਰ, ਮੰਤਰੀ ਅਤੇ ਅਫ਼ਸਰ ਮੁੱਖ ਮੰਤਰੀ ਦੇ ਅਧੀਨ ਹਨ, ਇਸ ਲਈ ਸਿੱਧਾ ਅਸਤੀਫ਼ਾ ਭਗਵੰਤ ਮਾਨ ਦਾ ਬਣਦਾ ਹੈ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ 'ਤੇ ਵੀ ਤਿੱਖੇ ਹਮਲੇ ਕੀਤੇ ਤੇ ਉਨ੍ਹਾਂ 'ਤੇ ਪਰਚਾ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰੀ ਦੀ ਗੱਲ ਕਹੀ।
ਪਾਰਟੀ ਦੇ ਪਤਨ ਦਾ ਲਾਇਆ ਦੋਸ਼
ਉਨ੍ਹਾਂ ਨੇ ਬੜੇ ਭਾਵੁਕ ਲਹਿਜੇ ਵਿੱਚ ਕਿਹਾ ਕਿ ਜਿਸ ਪਾਰਟੀ ਨੂੰ ਉਨ੍ਹਾਂ ਨੇ ਖੂਨ-ਪਸੀਨਾ ਇੱਕ ਕਰਕੇ ਖੜ੍ਹਾ ਕੀਤਾ ਸੀ, ਉਸ ਨੂੰ ਅਰਵਿੰਦ ਕੇਜਰੀਵਾਲ ਨੇ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਮਾੜੇ ਕਿਰਦਾਰ ਵਾਲੇ ਲੋਕਾਂ ਨੂੰ ਪਾਰਟੀ ਵਿੱਚ ਲਿਆ ਕੇ ਇਸ ਦਾ ਅਕਸ ਖ਼ਰਾਬ ਕੀਤਾ ਗਿਆ ਹੈ। ਉਨ੍ਹਾਂ ਸਿਸੋਦੀਆ ਨੂੰ ਪੰਜਾਬ ਦੇ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਅਤੇ ਪੰਜਾਬ ਵਿੱਚ ਕਦਮ ਨਾ ਰੱਖਣ ਦੀ ਚਿਤਾਵਨੀ ਵੀ ਦਿੱਤੀ।
ਰਾਜਪਾਲ ਨੂੰ ਦੁਬਾਰਾ ਸੈਸ਼ਨ ਬੁਲਾਉਣ ਦੀ ਅਪੀਲ
ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਸੰਵਿਧਾਨ ਦੀ ਧਾਰਾ 175 ਦੇ ਤਹਿਤ ਦੁਬਾਰਾ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਸੈਸ਼ਨ ਵਿੱਚ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਦੇ ਨਾਲ-ਨਾਲ ਡੀਐੱਮ ਰੰਧਾਵਾ ਸਾਹਿਬ ਦੇ ਕਤਲ ਦੇ ਮਾਮਲਿਆਂ 'ਤੇ ਵੀ ਬਹਿਸ ਹੋਣੀ ਚਾਹੀਦੀ ਹੈ।
ਮੁਫ਼ਤ ਸਹੂਲਤਾਂ 'ਤੇ ਤੰਜ
ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਚੀਜ਼ ਦੇ ਭੁੱਖੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਤਾਂ ਰੋਜ਼ਾਨਾ ਮੱਠੀ-ਚਾਹ ਦੇ ਲੰਗਰ ਲਗਾ ਦਿੰਦੇ ਹਨ, ਇਸ ਲਈ ਉਨ੍ਹਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਦੇ ਕੇ ਬਰਗਲਾਇਆ ਨਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com