ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਰਹੀ ਜੰਗ ਫਿਲਹਾਲ 14 ਦਿਨਾਂ ਲਈ ਰੋਕ ਦਿੱਤੀ ਗਈ ਹੈ, ਪਰ ਇਸ ਦਾ ਅਸਰ ਹੁਣ ਅਫ਼ਰੀਕੀ ਦੇਸ਼ਾਂ 'ਤੇ ਵੀ ਦਿਖਣ ਲੱਗ ਪਿਆ ਹੈ। ਇਸੇ ਦੌਰਾਨ ਮੈਡਾਗਾਸਕਰ ਸਰਕਾਰ ਨੇ ਦੇਸ਼ ਵਿੱਚ ਪੈਦਾ ਹੋਏ ਗੰਭੀਰ ਊਰਜਾ ਸੰਕਟ ਨਾਲ ਨਜਿੱਠਣ ਲਈ ਪੂਰੇ ਦੇਸ਼ ਵਿੱਚ 15 ਦਿਨਾਂ ਦੀ 'ਊਰਜਾ ਐਮਰਜੈਂਸੀ' ਦਾ ਐਲਾਨ ਕਰ ਦਿੱਤਾ ਹੈ।
ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਅਨੁਸਾਰ, ਇਜ਼ਰਾਈਲ-ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਤੇਲ ਦੀ ਸਪਲਾਈ ਲਾਈਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੈਡਾਗਾਸਕਰ ਆਪਣੀ ਤੇਲ ਦੀ ਲੋੜ ਲਈ ਮੁੱਖ ਤੌਰ 'ਤੇ ਓਮਾਨ ਤੋਂ ਹੋਣ ਵਾਲੀ ਦਰਾਮਦ 'ਤੇ ਨਿਰਭਰ ਹੈ, ਜੋ ਮੌਜੂਦਾ ਹਾਲਾਤਾਂ ਕਾਰਨ ਰੁਕ ਗਈ ਹੈ। ਮਾਰਚ ਦੇ ਅੱਧ ਤੋਂ ਹੀ ਦੇਸ਼ ਦੇ ਪੈਟਰੋਲ ਪੰਪਾਂ 'ਤੇ ਤੇਲ ਖ਼ਤਮ ਹੋਣ ਲੱਗ ਪਿਆ ਸੀ। ਸਟੋਰੇਜ ਦੀ ਕਮੀ ਅਤੇ ਸਪਲਾਈ ਨਾ ਹੋਣ ਕਾਰਨ ਹਾਲਾਤ ਬੇਕਾਬੂ ਹੋ ਗਏ ਹਨ।
ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਬਿਜਲੀ ਅਤੇ ਤੇਲ ਦੀ ਕਮੀ ਕਾਰਨ ਦੇਸ਼ ਦੀ ਅੰਦਰੂਨੀ ਸੁਰੱਖਿਆ, ਸਥਿਰਤਾ ਅਤੇ ਜਨਤਕ ਵਿਵਸਥਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਐਮਰਜੈਂਸੀ ਦੇ ਐਲਾਨ ਨਾਲ ਸਰਕਾਰ ਨੂੰ ਤੇਜ਼ੀ ਨਾਲ ਫੈਸਲੇ ਲੈਣ ਅਤੇ ਊਰਜਾ ਸਪਲਾਈ ਬਹਾਲ ਕਰਨ ਲਈ ਵਿਸ਼ੇਸ਼ ਸ਼ਕਤੀਆਂ ਮਿਲ ਗਈਆਂ ਹਨ। ਕਈ ਅਫ਼ਰੀਕੀ ਦੇਸ਼ਾਂ ਨੇ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ ਅਤੇ ਬਿਜਲੀ ਦੀ ਵਰਤੋਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com