ਸਮਾਲਸਰ - ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਪੁਲਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਖੁਰਦ, ਸੇਖਾ ਕਲਾਂ, ਠੱਠੀ ਭਾਈ ਅਤੇ ਬੰਬੀਹਾ ਭਾਈ ਇਲਾਕੇ ਵਿਚ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲਾਂ ਵੱਢਣ ਵਾਲੇ ਸਰਗਰਮ ਗਿਰੋਹ ਦੇ ਦੋ ਮੈਂਬਰਾਂ ਜਿਨ੍ਹਾਂ ਨੇ ਆਪਣੀ ਪਛਾਣ ਨਜ਼ਦੀਕੀ ਕਸਬਾ ਬਰਗਾੜੀ ਦੇ ਰੁਲੀਆ ਨਗਰ ਦੇ ਵਸਨੀਕ ਵਜੋਂ ਦੱਸੀ ਹੈ, ਨੂੰ ਆਖਰਕਾਰ ਅੱਜ ਸਵੇਰੇ 4 ਵਜੇ ਦੇ ਕਰੀਬ ਕਿਸਾਨਾਂ ਅਤੇ ਟੋਲ ਪਲਾਜੇ ਦੇ ਵਰਕਰਾਂ ਦੀ ਸੂਝ ਬੂਝ ਨਾਲ ਕਾਬੂ ਕਰ ਲਿਆ ਗਿਆ।
ਕਾਬੂ ਕੀਤੇ ਗਏ ਦੋ ਨੌਜਵਾਨਾਂ ਨੇ ਆਪਣੇ 15 ਮੈਂਬਰੀ ਗਿਰੋਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਸ ਇਲਾਕੇ ਦੇ ਲਗਭਗ ਸਾਰੇ ਪਿੰਡਾਂ ਵਿਚ ਕੇਬਲਾਂ ਚੋਰੀ ਕਰ ਚੁੱਕੇ ਹਨ। ਉਨ੍ਹਾਂ ਨੂੰ ਜਦੋਂ ਸਮੂਹ ਨਗਰ ਨਿਵਾਸੀਆਂ ਅਤੇ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਵਲੋਂ ਜਦੋਂ ਪੁੱਛਿਆ ਗਿਆ ਕਿ ਤੁਹਾਡੇ ਗਿਰੋਹ ਦੇ ਕੁਲ ਕਿੰਨੇ ਅਤੇ ਕਿਹੜੇ-ਕਿਹੜੇ ਪਿੰਡੋਂ ਵਿਚੋਂ ਮੈਂਬਰ ਹਨ ਤਾਂ ਉਨ੍ਹਾਂ ਆਪਣੇ ਨਾਲ ਦੇ ਸਾਥੀਆਂ ਅਤੇ ਜਿੱਥੇ ਉਹ ਤਾਂਬਾ ਵੇਚਦੇ ਹਨ ਜੈਤੋ ਮੰਡੀ ਨਾਲ ਸਬੰਧਤ ਕਬਾੜੀਏ ਦਾ ਨਾਮ ਵੀ ਦੱਸਿਆ। ਇਸ ਗਿਰੋਹ ਦੇ ਕੁੱਝ ਮੈਂਬਰਾਂ ਦੇ ਕਾਬੂ ਆਉਣ ਨਾਲ ਜਿੱਥੇ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ, ਉੱਥੇ ਪੁਲਸ ਦੀ ਸੁਸਤ ਕਾਰਵਾਈ ਨੂੰ ਲੈ ਕੇ ਭਾਰੀ ਰੋਸ ਵੀ ਦੇਖਣ ਨੂੰ ਮਿਲਿਆ।
ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗਰੋਹ ਵੱਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ। ਆਲੇ-ਦੁਆਲੇ ਦੇ ਪਿੰਡਾਂ ਵਿਚ ਸੈਂਕੜੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਵੱਢ ਚੁੱਕਾ ਸੀ। ਕਿਸਾਨਾਂ ਨੇ ਦੱਸਿਆ ਕਿ ਟਰਾਂਸਫਾਰਮਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ। ਪਹਿਲਾਂ ਵੀ ਕਈ ਵਾਰ ਕਿਸਾਨਾਂ ਵਲੋਂ ਚੋਰੀਆਂ ਸਬੰਧੀ ਥਾਣਾ ਸਮਾਲਸਰ ਪੁਲਸ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਪਰ ਕੋਈ ਢੁਕਵੀਂ ਕਾਰਵਾਈ ਨਹੀਂ ਹੋ ਸਕੀ। ਆਖਰਕਾਰ ਜਦੋਂ ਅੱਜ ਸਵੇਰੇ ਤਕਰੀਬਨ 4 ਵਜੇ ਦੇ ਕਰੀਬ ਇਸ ਗਿਰੋਹ ਦੇ ਕੁਝ ਮੈਂਬਰਾਂ ਵੱਲੋਂ ਦੁਬਾਰਾ ਪਿੰਡ ਸੇਖਾ ਕਲਾਂ ਦੇ ਖੇਤਰ ਵਿਚ ਕੇਵਲਾਂ ਵੱਢਣ ਤੋਂ ਬਾਅਦ ਸੇਖਾ ਕਲਾਂ ਅਤੇ ਵੈਰੋ ਕੇ ਦਰਮਿਆਨ ਨਵੇਂ ਰੋਡ ’ਤੇ ਬਣੇ ਟੋਲ ਪਲਾਜੇ ‘ਤੇ ਖੜ੍ਹੇ ਵਾਹਨਾਂ ਦੀਆਂ ਬੈਟਰੀਆਂ ਚੋਰੀ ਕਰਨ ਲੱਗੇ ਤਾਂ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਸਹੀ ਸਮੇਂ ’ਤੇ ਚੌਕਸੀ ਦਿਖਾਉਂਦਿਆਂ ਉਨ੍ਹਾਂ ਨੂੰ ਪੂਰੀ ਮੁਸਤੈਦੀ ਨਾਲ ਆਪਣੀ ਗੱਡੀ ਪਿੱਛੇ ਲਗਾ ਕੇ ਫੜ ਲਿਆ।
ਇਸ ਦੀ ਖ਼ਬਰ ਜਿਵੇਂ ਹੀ ਪਿੰਡਾਂ ਵਿਚ ਫੈਲੀ ਤਾਂ ਸੇਖਾ ਕਲਾਂ, ਠੱਠੀ ਭਾਈ, ਵੈਰੋ ਕੇ ਅਤੇ ਨੇੜਲੇ ਪਿੰਡਾਂ ਦੇ ਸੈਂਕੜੇ ਕਿਸਾਨ ਮੌਕੇ ’ਤੇ ਇਕੱਠੇ ਹੋ ਗਏ। ਕਿਸਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਉਹੀ ਗਿਰੋਹ ਹੈ ਜੋ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਚੋਰੀਆਂ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਡਰ ਦੇ ਮਾਹੌਲ ਕਾਰਨ ਆਪਣੇ ਨਾਂ ਜਨਤਕ ਕਰਨ ਤੋਂ ਕੰਨੀ ਕਤਰਾਏ ਰਹੇ ਸਨ। ਇਸ ਸਬੰਧੀ ਥਾਣਾ ਸਮਾਲਸਰ ਪੁਲਸ ਨੂੰ ਮੂੰਹ ਹਨੇਰੇ ਹੀ ਸੂਚਿਤ ਕਰ ਦਿੱਤਾ ਗਿਆ ਸੀ, ਪਰ ਕਿਸਾਨਾਂ ਦਾ ਦੋਸ਼ ਹੈ ਕਿ ਪੁਲਸ ਲਗਭਗ ਦੋ ਘੰਟਿਆਂ ਤੋਂ ਵੱਧ ਦੀ ਦੇਰੀ ਨਾਲ, ਸਵੇਰੇ ਕਰੀਬ 6:35 ਵਜੇ ਮੌਕੇ ’ਤੇ ਪਹੁੰਚੀ। ਇਸ ਦੇਰੀ ਕਾਰਨ ਕਿਸਾਨਾਂ ਵਿਚ ਪੁਲਸ ਪ੍ਰਸ਼ਾਸਨ ਪ੍ਰਤੀ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲੀ। ਸਮਾਲਸਰ ਪੁਲਸ ਵੱਲੋਂ ਮੌਕੇ ਉੱਪਰ ਪਹੁੰਚ ਕੇ ਇਸ ਤਾਰ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਦੂਸਰੇ ਸਾਥੀਆਂ ਦੀ ਭਾਲ ਚਾਲੂ ਕਰ ਦਿੱਤੀ ਗਈ ਸੀ।
Credit : www.jagbani.com