CBSE 10ਵੀਂ ਦੇ ਨਤੀਜਿਆਂ ’ਚ ਮੁਦਿਤ ਜੈਨ 100 ਫੀਸਦੀ ਅੰਕਾਂ ਨਾਲ ਬਣਿਆ ਜ਼ਿਲਾ ਟਾਪਰ

CBSE 10ਵੀਂ ਦੇ ਨਤੀਜਿਆਂ ’ਚ ਮੁਦਿਤ ਜੈਨ 100 ਫੀਸਦੀ ਅੰਕਾਂ ਨਾਲ ਬਣਿਆ ਜ਼ਿਲਾ ਟਾਪਰ

ਅੰਮ੍ਰਿਤਸਰ (ਮਮਤਾ, ਅਵਧੇਸ਼, ਗੁਰਿੰਦਰ) - ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਦੇ 10ਵੀਂ ਜਮਾਤ ਦੇ ਨਤੀਜੇ ਅੱਜ ਸ਼ਾਮ ਐਲਾਨ ਹੁੰਦੇ ਹੀ ਜਿੱਥੇ ਸ਼ਹਿਰ ਦੇ ਸਾਰੇ ਸਕੂਲਾਂ ਵਿਚ ਵਿਦਿਆਰਥੀਆਂ ਦਾ ਤਾਂਤਾ ਲੱਗ ਗਿਆ, ਉੱਥੇ ਹੀ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਵਿਦਿਆਰਥੀ ਮੁਦਿਤ ਜੈਨ ਨੇ 100 ਫ਼ੀਸਦੀ ਅੰਕ ਹਾਸਲ ਕਰ ਕੇ ਜ਼ਿਲਾ ਟਾਪਰ ਬਣ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਇਸੇ ਤਰ੍ਹਾਂ ਹੀ ਸਪਰਿੰਗ ਡੇਲ ਸੀਨੀਅਰ ਸਕੂਲ ਦੀ ਵਿਦਿਆਰਥਣ ਗੁਰਮੇਹਰ ਕੌਰ 99.8 ਫ਼ੀਸਦੀ ਅੰਕ ਹਾਸਲ ਕਰ ਕੇ ਦੂਜੇ ਸਥਾਨ ’ਤੇ ਰਹੀ, ਜਦਕਿ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਅਰਸ਼ਵੀਰ ਸਿੰਘ ਭਾਟੀਆ, ਭਵਨਜ਼ ਐੱਸ.ਐੱਲ. ਪਬਲਿਕ ਸਕੂਲ ਦੇ ਵਿਦਿਆਰਥੀਆਂ ਸ਼ੌਰਿਆ ਅਤੇ ਕਮਾਕਸ਼ੀ ਨੇ ਕ੍ਰਮਵਾਰ 99.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿਚ ਤੀਜਾ ਸਥਾਨ ਹਾਸਲ ਕੀਤਾ।

ਹਰ ਵਿਸ਼ੇ ਨੂੰ ਸਮਝ ਕੇ ਤਿਆਰੀ ਕਰੋ ਤਾਂ ਸਫਲਤਾ ਕਦਮ ਚੁੰਮੇਗੀ : ਮੁਦਿਤ ਜੈਨ
ਜ਼ਿਲਾ ਟਾਪਰ ਮੁਦਿਤ ਜੈਨ, ਜੋ ਭਵਿੱਖ ਵਿਚ ਸਾਫ਼ਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ, ਨੇ ਦੱਸਿਆ ਕਿ ਉਹ ਨਾਨ-ਮੈਡੀਕਲ ਦੇ ਨਾਲ 12ਵੀਂ ਦੀ ਪ੍ਰੀਖਿਆ ਤੋਂ ਬਾਅਦ ਜੇ.ਈ.ਈ. ਦਾ ਟੈਸਟ ਕਲੀਅਰ ਕਰ ਕੇ ਦੇਸ਼ ਦੇ ਵਧੀਆ ਕਾਲਜ ਵਿਚ ਇੰਜੀਨੀਅਰਿੰਗ ਕਰਨ ਦਾ ਇੱਛੁਕ ਹੈ। ਮੁਦਿਤ ਜੈਨ ਦੇ ਪਿਤਾ ਬੈਂਕ ਮੈਨੇਜਰ ਹਨ, ਜਦਕਿ ਮਾਂ ਅਧਿਆਪਿਕਾ ਹੈ। ਮੁਦਿਤ ਜੈਨ ਨੇ ਦੱਸਿਆ ਕਿ ਆਪਣੀ ਸਫਲਤਾ ਦਾ ਸਿਹਰਾ ਉਹ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਦਿੰਦਾ ਹੈ।

ਮੁਦਿਤ ਨੇ ਦੱਸਿਆ ਕਿ ਉਹ ਰੋਜ਼ਾਨਾ 5 ਤੋਂ 6 ਘੰਟੇ ਤੱਕ ਸੈਲਫ਼ ਸਟੱਡੀ ਕਰਦਾ ਸੀ ਅਤੇ ਬਿਨਾਂ ਕਿਸੇ ਕੋਚਿੰਗ ਦੇ ਉਸ ਨੇ ਇਹ ਸਫਲਤਾ ਹਾਸਲ ਕੀਤੀ। ਉਸ ਨੇ ਆਪਣੇ ਜੂਨੀਅਰਾਂ ਨੂੰ ਸਫਲਤਾ ਦਾ ਮੰਤਰ ਦਿੰਦਿਆਂ ਕਿਹਾ ਕਿ ਉਹ ਬੋਰਡ ਪ੍ਰੀਖਿਆ ਦੀ ਤਿਆਰੀ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਤੋਂ ਕਰਨ ਅਤੇ ਹਰ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਕੇ ਤਿਆਰੀ ਕਰਨ।

ਪ੍ਰੀਖਿਆ ਦੀ ਤਿਆਰੀ ਕਦੇ ਵੀ ਦਬਾਅ ਹੇਠ ਨਾ ਕਰੋ : ਗੁਰਮੇਹਰ ਕੌਰ
ਸਪਰਿੰਗ ਡੇਲ ਸੀਨੀਅਰ ਸਕੂਲ ਦੀ ਗੁਰਮੇਹਰ ਕੌਰ, ਜੋ ਕਿ ਮੈਡੀਕਲ ਦੇ ਨਾਲ 12ਵੀਂ ਕਰਕੇ ਭਵਿੱਖ ਵਿਚ ਡਾਕਟਰ ਬਣਨ ਦੀ ਇੱਛੁਕ ਹੈ, ਨੇ ਦੱਸਿਆ ਕਿ ਉਸ ਦਾ ਜ਼ਿਆਦਾ ਰੁਝਾਨ ਡਰਮਾਟੋਲੋਜਿਸਟ ਬਣਨ ਵੱਲ ਹੈ। ਗੁਰਮੇਹਰ ਨੇ ਦੱਸਿਆ ਕਿ ਉਸ ਦੇ ਪਿਤਾ ਬਿਜ਼ਨੈੱਸਮੈਨ ਹਨ, ਜਦਕਿ ਮਾਤਾ ਸਰਕਾਰੀ ਅਧਿਆਪਿਕਾ ਹੈ।

ਉਸ ਨੇ ਦੱਸਿਆ ਕਿ ਉਹ ਗਣਿਤ ਤੇ ਸਾਇੰਸ ਦੀ ਕੋਚਿੰਗ ਲੈਂਦੀ ਰਹੀ ਅਤੇ ਇਸ ਤੋਂ ਇਲਾਵਾ ਰੋਜ਼ਾਨਾ 2 ਤੋਂ 3 ਘੰਟੇ ਸੈਲਫ਼ ਸਟੱਡੀ ਲਈ ਵੀ ਦਿੰਦੀ ਸੀ। ਆਪਣੇ ਜੂਨੀਅਰਾਂ ਨੂੰ ਸੰਦੇਸ਼ ਦਿੰਦਿਆਂ ਗੁਰਮੇਹਰ ਨੇ ਕਿਹਾ ਕਿ ਨਾ ਤਾਂ ਕਦੇ ਕਿਸੇ ਨਾਲ ਤੁਲਨਾ ਕਰੋ ਅਤੇ ਨਾ ਹੀ ਦਿਮਾਗ ’ਤੇ ਪ੍ਰੈਸ਼ਰ ਬਣਾ ਕੇ ਜਾਂ ਤਣਾਅ ਵਿਚ ਰਹਿ ਕੇ ਪ੍ਰੀਖਿਆ ਦੀ ਤਿਆਰੀ ਕਰੋ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਸਕੂਲ ਦੇ ਅਧਿਆਪਕਾਂ ਨੂੰ ਦਿੱਤਾ।
 

Credit : www.jagbani.com

  • TODAY TOP NEWS