ਪੰਜਾਬ: ਸਬਜ਼ੀ ਲੈਣ ਬਾਜ਼ਾਰ ਗਏ ਮੁੰਡੇ ਦਾ ਬੇਰਹਿਮੀ ਨਾਲ ਕਤਲ

ਪੰਜਾਬ: ਸਬਜ਼ੀ ਲੈਣ ਬਾਜ਼ਾਰ ਗਏ ਮੁੰਡੇ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ- ਮਾਸੀ ਦੇ ਪੁੱਤ ਨਾਲ ਬਾਜ਼ਾਰ ’ਚ ਸਬਜ਼ੀ ਲੈਣ ਗਏ ਇਕ 16 ਸਾਲਾ ਨੌਜਵਾਨ ’ਤੇ ਹਥਿਆਰਾਂ ਨਾਲ ਲੈਸ ਦਰਜਨ ਦੇ ਕਰੀਬ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਜਦੋਂ ਉਹ ਬਚਾਅ ਲਈ ਭੱਜਿਆ ਤਾਂ ਹਮਲਾਵਰਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ, ਜਿਸ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਛਾਣ 16 ਸਾਲਾ ਸਾਹਿਲ ਵਜੋਂ ਹੋਈ ਹੈ।

ਪੁਲਸ ਨੇ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਸੰਜੀਤ ਸਿੰਘ ਦੇ ਬਿਆਨਾਂ ’ਤੇ ਦੇਵ ਕਾਲੋਨੀ ਦੇ ਰਹਿਣ ਵਾਲੇ ਪਰਮ, ਗੌਤਮ, ਬੱਚੂ, ਹੈਬੋਵਾਲ ਦੇ ਨੰਨੀ ਅਤੇ ਉਨ੍ਹਾਂ ਦੇ 12 ਅਣਪਛਾਤੇ ਸਾਥੀਆਂ ਖਿਲਾਫ ਕਤਲ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਫਿਲਹਾਲ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।

10ਵੀਂ ਜਮਾਤ ’ਚ ਹੋਇਆ ਸੀ ਪਾਸ, 2 ਭੈਣਾਂ ਦਾ ਇਕਲੌਤਾ ਭਰਾ

ਸਾਹਿਲ ਦੇ ਪਿਤਾ ਸੰਜੀਤ ਸਿੰਘ, ਜੋ ਪੇਂਟ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਸਾਹਿਲ ਨੇ ਅਜੇ 10ਵੀਂ ਜਮਾਤ 60 ਫੀਸਦੀ ਅੰਕਾਂ ਨਾਲ ਪਾਸ ਕੀਤੀ ਸੀ ਅਤੇ ਅਗਲੀ ਕਲਾਸ ’ਚ ਦਾਖ਼ਲਾ ਲੈਣਾ ਸੀ। ਉਹ 2 ਭੈਣਾਂ ਦਾ ਇਕਲੌਤਾ ਭਰਾ ਸੀ। 21 ਮਈ ਨੂੰ ਉਹ ਆਪਣੇ ਮਾਸੀ ਦੇ ਪੁੱਤ ਪੰਕਜ ਨਾਲ ਮੋਟਰਸਾਈਕਲ ’ਤੇ ਸਬਜ਼ੀ ਲੈਣ ਗਿਆ ਸੀ। ਪੰਕਜ ਨੇ ਦੱਸਿਆ ਕਿ ਜਦੋਂ ਉਹ ਫੁੱਲਾਂਵਾਲ ਸਟੇਡੀਅਮ ਨੇੜੇ ਸੇਵਾ ਕੇਂਦਰ ਕੋਲ ਪਹੁੰਚੇ ਤਾਂ ਸਟੇਡੀਅਮ ਵਾਲੀ ਗਲੀ ’ਚ ਉਕਤ ਹਥਿਆਰਬੰਦ ਮੁਲਜ਼ਮ ਪਹਿਲਾਂ ਤੋਂ ਹੀ ਮੌਜੂਦ ਸਨ।

ਸਰੀਰ ਦੇ ਕਈ ਹਿੱਸਿਆਂ ’ਤੇ ਕੀਤੇ ਵਾਰ

ਜਿਵੇਂ ਹੀ ਮੁਲਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਸਾਹਿਲ ਜਾਨ ਬਚਾਉਣ ਲਈ ਭੱਜਿਆ ਪਰ ਮੁਲਜ਼ਮਾਂ ਨੇ ਪਿੱਛਾ ਕਰ ਕੇ ਉਸ ਦੇ ਸਿਰ ਅਤੇ ਸਰੀਰ ਦੇ ਕਈ ਹਿੱਸਿਆਂ ’ਤੇ ਤਾਬੜਤੋੜ ਵਾਰ ਕੀਤੇ। ਸਾਹਿਲ ਨੂੰ ਲਹੂ-ਲੁਹਾਨ ਅਤੇ ਬੇਹੋਸ਼ ਹਾਲਤ ’ਚ ਮ੍ਰਿਤਕ ਸਮਝ ਕੇ ਹਮਲਾਵਰ ਫਰਾਰ ਹੋ ਗਏ। ਖ਼ਬਰ ਮਿਲਦਿਆਂ ਹੀ ਪਰਿਵਾਰ ਵਾਲੇ ਸਾਹਿਲ ਦੇ ਮਾਸੜ ਬੇਚਨ ਰਾਮ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ 3 ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਐਤਵਾਰ ਦੇਰ ਸ਼ਾਮ ਉਸ ਦੀ ਮੌਤ ਹੋ ਗਈ।

ਸਬ-ਇੰਸਪੈਕਟਰ ਜੋਹਨ ਪੀਟਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Credit : www.jagbani.com

  • TODAY TOP NEWS