ਸਾਲ 'ਚ 2 ਵਾਰ ਹੋਣਗੀਆਂ ਬੋਰਡ ਪ੍ਰੀਖਿਆ, ਸਿੱਖਿਆ ਮੰਤਰਾਲਾ ਨੇ CBSE ਨੂੰ ਦਿੱਤੇ ਇਹ ਨਿਰਦੇਸ਼

ਸਾਲ 'ਚ 2 ਵਾਰ ਹੋਣਗੀਆਂ ਬੋਰਡ ਪ੍ਰੀਖਿਆ, ਸਿੱਖਿਆ ਮੰਤਰਾਲਾ ਨੇ CBSE ਨੂੰ ਦਿੱਤੇ ਇਹ ਨਿਰਦੇਸ਼

ਨਵੀਂ ਦਿੱਲੀ- ਸਿੱਖਿਆ ਮੰਤਰਾਲਾ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੂੰ 2025-26 ਦੇ ਅਕਾਦਮਿਕ ਸੈਸ਼ਨ ਤੋਂ ਸਾਲ ਵਿਚ 2 ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਯੋਜਨਾਬੱਧ ਤਿਆਰੀਆਂ ਕਰਨ ਲਈ ਕਿਹਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮੈਸਟਰ ਪ੍ਰਣਾਲੀ ਲਾਗੂ ਕਰਨ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਮੰਤਰਾਲਾ ਅਤੇ ਸੀ. ਬੀ. ਐੱਸ. ਈ. ਸਾਲ ਵਿਚ 2 ਵਾਰ ਬੋਰਡ ਇਮਤਿਹਾਨ ਕਰਵਾਉਣ ਲਈ ਅਗਲੇ ਮਹੀਨੇ ਸਕੂਲ ਹੈੱਡਮਾਸਟਰਾਂ ਨਾਲ ਗੱਲਬਾਤ ਕਰਨਗੇ।
ਉਨ੍ਹਾਂ ਦੱਸਿਆ ਕਿ ਸੀ. ਬੀ. ਐੱਸ. ਈ. ਵਰਤਮਾਨ ਵਿਚ ਇਸ ਗੱਲ ’ਤੇ ਕੰਮ ਕਰ ਰਿਹਾ ਹੈ ਕਿ ਅੰਡਰ ਗ੍ਰੈਜੂਏਟ ਦਾਖਲਾ ਪ੍ਰੋਗਰਾਮ ਨੂੰ ਪ੍ਰਭਾਵਿਤ ਕੀਤੇ ਬਿਨਾਂ ਇਕ ਹੋਰ ਬੋਰਡ ਪ੍ਰੀਖਿਆ ਨੂੰ ਅਨੁਕੂਲ ਕਰਨ ਲਈ ਅਕਾਦਮਿਕ ਕੈਲੰਡਰ ਨੂੰ ਕਿਵੇਂ ਬਣਾਇਆ ਜਾਵੇਗਾ। ਇਕ ਸੂਤਰ ਨੇ ਕਿਹਾ ਕਿ ਮੰਤਰਾਲਾ ਨੇ ਸੀ. ਬੀ. ਐੱਸ. ਈ. ਤੋਂ ਇਸ ਗੱਲ ’ਤੇ ਕੰਮ ਕਰਨ ਲਈ ਕਿਹਾ ਹੈ ਕਿ ਸਾਲ ਵਿਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਿਵੇਂ ਕਰਵਾਈਆਂ ਜਾਣਗੀਆਂ।

ਪ੍ਰੀਖਿਆ 2 ਵਾਰ ਦੇਣੀ ਲਾਜ਼ਮੀ ਨਹੀਂ ਸਗੋਂ ਬਦਲਵੀਂ ਹੋਵੇਗੀ

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਿਛਲੇ ਸਾਲ ਅਕਤੂਬਰ ’ਚ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਵਿਦਿਆਰਥੀਆਂ ਲਈ ਸਾਲ ’ਚ 2 ਵਾਰ ਬੋਰਡ ਦੀ ਪ੍ਰੀਖਿਆ ਦੇਣੀ ਲਾਜ਼ਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਸੀ ਕਿ ਵਿਦਿਆਰਥੀਆਂ ਦੀ ਇੰਜੀਨੀਅਰਿੰਗ ਦੀ ਦਾਖਲਾ ਪ੍ਰੀਖਿਆ ਜੇ. ਈ. ਈ. ਵਾਂਗ 10ਵੀਂ ਅਤੇ 12ਵੀਂ ਦੀ ਬੋਰਡ ਦੀ ਪ੍ਰਖਿਆ ਨੂੰ 2 ਵਾਰ ਦੇਣ ਦਾ ਬਦਲ ਹੋਵੇਗਾ। ਉਹ ਵਧੀਆ ਸਕੋਰ ਚੁਣ ਸਕਦੇ ਹਨ ਪਰ ਇਹ ਪੂਰੀ ਤਰ੍ਹਾਂ ਬਦਲਵਾਂ ਹੋਵੇਗਾ, ਕੋਈ ਜ਼ਰੂਰੀ ਨਹੀਂ ਹੋਵੇਗਾ।

ਯੋਜਨਾ ਅਗਲੇ ਸੈਸ਼ਨ ਤੋਂ ਸ਼ੁਰੂ ਹੋ ਸਕਦੀ ਹੈ

ਮੰਤਰਾਲਾ ਦੀ ਸ਼ੁਰੂਆਤੀ ਯੋਜਨਾ 2024-25 ਦੇ ਅਕਾਦਮਿਕ ਸੈਸ਼ਨ ਤੋਂ ਸਾਲ ’ਚ ਦੋ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਕਰਨ ਦੀ ਸੀ। ਹੁਣ ਇਸ ਨੂੰ ਇਕ ਸਾਲ ਅੱਗੇ ਵਧਾ ਦਿੱਤਾ ਗਿਆ ਹੈ । ਇਸ ਨੂੰ ਅਗਲੇ ਸੈਸ਼ਨ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਕੇਂਦਰ ਸਰਕਾਰ ਵਲੋਂ ਨਿਯੁਕਤ ਇਕ ਕਮੇਟੀ ਵਲੋਂ ਤਿਆਰ ਕੀਤਾ ਗਿਆ ਨਵਾਂ ਰਾਸ਼ਟਰੀ ਸਲੇਬਸ ਫਰੇਮਵਰਕ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS