ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਟ੍ਰੈਵਰਸ ਸਿਟੀ ਵਿੱਚ ਇੱਕ ਵਾਲਮਾਰਟ ਸਟੋਰ 'ਚ ਸ਼ਨੀਵਾਰ ਸ਼ਾਮ ਨੂੰ ਅਚਾਨਕ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਵਿਅਕਤੀ ਨੇ ਉੱਥੇ ਮੌਜੂਦ ਗਾਹਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਭਿਆਨਕ ਘਟਨਾ ਵਿੱਚ ਘੱਟੋ-ਘੱਟ 11 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਸ਼ੁਰੂਆਤੀ ਜਾਂਚ ਵਿੱਚ ਇਸ ਨੂੰ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਹਮਲਾ ਮੰਨਿਆ ਜਾ ਰਿਹਾ ਹੈ।
ਜ਼ਖਮੀਆਂ ਦੀ ਸਥਿਤੀ ਅਤੇ ਹਸਪਤਾਲ 'ਚ ਇਲਾਜ
ਮਨਸਨ ਹੈਲਥਕੇਅਰ ਜੋ ਕਿ ਉੱਤਰੀ ਮਿਸ਼ੀਗਨ ਦਾ ਸਭ ਤੋਂ ਵੱਡਾ ਹਸਪਤਾਲ ਹੈ, ਨੇ ਪੁਸ਼ਟੀ ਕੀਤੀ ਹੈ ਕਿ ਸਾਰੇ 11 ਜ਼ਖਮੀਆਂ ਦਾ ਉੱਥੇ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੀ ਬੁਲਾਰਨ ਮੇਗਨ ਬ੍ਰਾਊਨ ਅਨੁਸਾਰ, 6 ਲੋਕਾਂ ਦੀ ਹਾਲਤ ਗੰਭੀਰ ਹੈ ਜਦੋਂਕਿ ਬਾਕੀ 5 ਗੰਭੀਰ ਜ਼ਖਮੀ ਹਨ।
ਪੁਲਸ ਨੇ ਕੀ ਦੱਸਿਆ?
ਗ੍ਰੈਂਡ ਟ੍ਰੈਵਰਸ ਕਾਉਂਟੀ ਸ਼ੈਰਿਫ ਮਾਈਕਲ ਸ਼ੀਆ ਨੇ ਕਿਹਾ ਕਿ ਹਮਲੇ ਵਿੱਚ ਵਰਤਿਆ ਗਿਆ ਹਥਿਆਰ ਇੱਕ ਫੋਲਡਿੰਗ ਚਾਕੂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀ ਮਿਸ਼ੀਗਨ ਦਾ ਨਿਵਾਸੀ ਹੈ, ਪਰ ਫਿਲਹਾਲ ਉਸਦੀ ਪਛਾਣ ਸਾਂਝੀ ਨਹੀਂ ਕੀਤੀ ਗਈ ਹੈ। ਸ਼ੈਰਿਫ ਨੇ ਕਿਹਾ, "11 ਲੋਕਾਂ ਦਾ ਜ਼ਖਮੀ ਹੋਣਾ ਇੱਕ ਵੱਡੀ ਗੱਲ ਹੈ ਪਰ ਸ਼ੁਕਰ ਹੈ ਕਿ ਬਹੁਤਾ ਨੁਕਸਾਨ ਨਹੀਂ ਹੋਇਆ।"
FBI ਵੀ ਆਈ ਸਾਹਮਣੇ
ਐੱਫਬੀਆਈ ਦੇ ਡਿਪਟੀ ਡਾਇਰੈਕਟਰ ਡੈਨ ਬੋਂਗੀਨੋ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸੰਘੀ ਏਜੰਸੀ ਇਸ ਮਾਮਲੇ ਵਿੱਚ ਲੋੜ ਅਨੁਸਾਰ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੀ ਹੈ।
Traverse City: ਜਿੱਥੇ ਕਦੇ ਸ਼ਾਂਤੀ ਸੀ, ਉੱਥੇ ਹੈ ਡਰ ਦਾ ਮਾਹੌਲ
ਮਿਸ਼ੀਗਨ ਝੀਲ ਦੇ ਕੰਢੇ ਸਥਿਤ ਟ੍ਰੈਵਰਸ ਸਿਟੀ ਆਮ ਤੌਰ 'ਤੇ ਆਪਣੀ ਸੁੰਦਰਤਾ, ਚੈਰੀ ਫੈਸਟੀਵਲ, ਵਾਈਨ ਅਤੇ ਲਾਈਟਹਾਊਸ ਲਈ ਜਾਣਿਆ ਜਾਂਦਾ ਹੈ। ਇਹ ਇਲਾਕਾ ਸਲੀਪਿੰਗ ਬੀਅਰ ਡੂਨਸ ਨੈਸ਼ਨਲ ਲੇਕਸ਼ੋਰ ਤੋਂ ਲਗਭਗ 25 ਮੀਲ ਦੂਰ ਸਥਿਤ ਹੈ। ਪਰ ਸ਼ਨੀਵਾਰ ਦੀ ਭਿਆਨਕ ਘਟਨਾ ਇਸ ਸ਼ਾਂਤ ਸੈਰ-ਸਪਾਟਾ ਸਥਾਨ ਲਈ ਇੱਕ ਦਰਦਨਾਕ ਯਾਦ ਬਣ ਗਈ ਹੈ। ਸਥਾਨਕ ਲੋਕ ਅਜੇ ਵੀ ਇਸ ਸਦਮੇ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪ੍ਰਸ਼ਾਸਨ ਹਮਲਾਵਰ ਦੇ ਮਨੋਰਥਾਂ ਦਾ ਪਤਾ ਲਗਾਉਣ ਵਿੱਚ ਰੁੱਝਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com