ਪੰਜਾਬ ਦੇ ਹੜ੍ਹ ਪੀੜਤ ਪਰਿਵਾਰ ਲਈ 'ਮਸੀਹਾ' ਬਣਿਆ ਇਹ ਭਾਰਤੀ ਖਿਡਾਰੀ! ਕਰ'ਤਾ ਵੱਡਾ ਐਲਾਨ

ਪੰਜਾਬ ਦੇ ਹੜ੍ਹ ਪੀੜਤ ਪਰਿਵਾਰ ਲਈ 'ਮਸੀਹਾ' ਬਣਿਆ ਇਹ ਭਾਰਤੀ ਖਿਡਾਰੀ! ਕਰ'ਤਾ ਵੱਡਾ ਐਲਾਨ

ਸਪੋਰਟਸ ਡੈਸਕ- ਹਾਕੀ ਏਸ਼ੀਆ ਕੱਪ 2025 ਰਾਹੀਂ ਭਾਰਤ ਨੂੰ ਹਾਕੀ ਵਰਲਡ ਕੱਪ ਲਈ ਕੁਆਲੀਫਾਈ ਕਰਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਭਾਰਤ ਦੇ ਉਪ-ਕਪਤਾਨ ਹਾਰਦਿਕ ਸਿੰਘ ਨੇ ਹੁਣ ਇੱਕ ਮਨੁੱਖੀ ਫਰਜ਼ ਨਿਭਾਉਂਦੇ ਹੋਏ ਪੀੜਤ ਪਰਿਵਾਰ ਦੀ ਮਦਦ ਲਈ ਹੱਥ ਵਧਾਇਆ ਹੈ। ਜਲੰਧਰ ਨਿਵਾਸੀ 26 ਸਾਲਾ ਹਾਰਦਿਕ ਸਿੰਘ ਨੇ ਪੰਜਾਬ ਵਿੱਚ ਆਏ ਭਿਆਨਕ ਹੜ੍ਹ ਵਿੱਚ ਘਰੋਂ ਬੇਘਰ ਹੋਏ ਚਾਰ ਮੈਂਬਰੀ ਪਰਿਵਾਰ ਨੂੰ ਗੋਦ ਲਿਆ ਹੈ। ਇਸ ਪਰਿਵਾਰ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਅਤੇ ਉਹ ਪਿਛਲੇ ਦਸ ਦਿਨਾਂ ਤੋਂ ਆਪਣੇ ਘਰ ਤੋਂ ਕੁਝ ਦੂਰ ਟੈਂਟ ਵਿੱਚ ਰਹਿਣ ਲਈ ਮਜਬੂਰ ਸਨ।

ਹਾਰਦਿਕ ਨੇ ਕਿਹਾ ਕਿ ਉਸ ਨੇ ਹਾਕੀ ਏਸ਼ੀਆ ਕਪ ਤੋਂ ਮਿਲੇ ਇਨਾਮ ਦੀ ਰਕਮ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਇਸ ਪਰਿਵਾਰ ਲਈ ਨਵਾਂ ਘਰ ਬਣਵਾਉਣ ਦੇ ਨਾਲ ਨਾਲ ਫਰਨੀਚਰ, ਪੱਖੇ ਅਤੇ ਟੀਵੀ ਵੀ ਖਰੀਦੇਗਾ।

ਹਾਰਦਿਕ ਨੂੰ ਇਹ ਪਰਿਵਾਰ "ਇਨੀਸ਼ਿਏਟਰਜ਼ ਆਫ ਚੇਨਜ" ਨਾਮਕ ਐਨਜੀਓ ਰਾਹੀਂ ਮਿਲਿਆ। ਪਰਿਵਾਰ ਦੇ ਮੁਖੀ ਗੁਰਸ਼ਨ ਸਿੰਘ ਆਪਣੀ ਮਾਂ ਅਤੇ ਦੋ ਬੱਚਿਆਂ ਸਮੇਤ ਹੜ੍ਹ ਕਾਰਨ ਘਰੋਂ ਬੇਘਰ ਹੋ ਗਿਆ ਸੀ। ਜਦੋਂ ਹਾਰਦਿਕ ਉਨ੍ਹਾਂ ਨੂੰ ਮਿਲਣ ਗਿਆ ਤਾਂ ਗੁਰਸ਼ਨ ਕਿਸੇ ਹੋਰ ਦੀ ਸੇਵਾ ਕਰਨ ਵਿੱਚ ਲੱਗਾ ਹੋਇਆ ਸੀ। ਇਸ ਦ੍ਰਿਸ਼ ਨੇ ਹਾਰਦਿਕ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ। ਉਸ ਨੇ ਕਿਹਾ, "ਜੇ ਮੇਰੇ ਨਾਲ ਕੁਝ ਐਸਾ ਹੁੰਦਾ ਤਾਂ ਮੈਂ ਘਰ ਬੈਠ ਕੇ ਸੋਚਦਾ ਕਿ ਮੇਰੇ ਨਾਲ ਹੀ ਕਿਉਂ ਹੋਇਆ। ਪਰ ਗੁਰਸ਼ਨ ਆਪਣੇ ਘਰ ਦੇ ਡਿੱਗਣ ਦੇ ਬਾਵਜੂਦ ਹੋਰਨਾਂ ਦੀ ਸੇਵਾ ਕਰ ਰਿਹਾ ਸੀ, ਇਹ ਬਹੁਤ ਪ੍ਰੇਰਕ ਸੀ।"

 

ਦੂਜੇ ਪਾਸੇ, ਸਰਕਾਰੀ ਅੰਕੜਿਆਂ ਮੁਤਾਬਕ ਇਸ ਹੜ੍ਹ ਕਾਰਨ ਹੁਣ ਤੱਕ 52 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਲਗਭਗ 1.91 ਲੱਖ ਹੈਕਟੇਅਰ ਫਸਲ ਬਰਬਾਦ ਹੋ ਗਈ ਹੈ। ਪੰਜਾਬ ਸਰਕਾਰ ਨੇ ਅੰਦਾਜ਼ਾ ਲਗਾਇਆ ਹੈ ਕਿ ਰਾਜ ਨੂੰ ਇਸ ਕੁਦਰਤੀ ਆਫ਼ਤ ਨਾਲ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।

ਹੜ੍ਹ ਨਾਲ 2,097 ਪਿੰਡ ਪ੍ਰਭਾਵਿਤ ਹੋਏ ਹਨ, ਜਿਸ ਵਿੱਚ ਸਭ ਤੋਂ ਵੱਧ 329 ਪਿੰਡ ਗੁਰਦਾਸਪੁਰ ਜ਼ਿਲ੍ਹੇ ਦੇ ਹਨ। ਗੁਰਦਾਸਪੁਰ, ਅੰਮ੍ਰਿਤਸਰ, ਫ਼ਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਹੁਸ਼ਿਆਰਪੁਰ, ਤਰਨ ਤਾਰਨ ਅਤੇ ਪਠਾਨਕੋਟ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਗਿਣਾਏ ਗਏ ਹਨ। ਕੁੱਲ ਮਿਲਾ ਕੇ 15 ਜ਼ਿਲ੍ਹਿਆਂ ਦੇ 3.88 ਲੱਖ ਲੋਕ ਹੜ੍ਹ ਨਾਲ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ।

Credit : www.jagbani.com

  • TODAY TOP NEWS