ਦੇਹ ਵਪਾਰ ਧੰਦੇ ਦਾ ਪਰਦਾਫਾਸ਼, 2 ਹੋਟਲਾਂ ’ਤੇ ਛਾਪੇਮਾਰੀ ਕਰ ਹੋਟਲ ਸੰਚਾਲਕਾਂ ਸਣੇ 14 ਗ੍ਰਿਫਤਾਰ

ਦੇਹ ਵਪਾਰ ਧੰਦੇ ਦਾ ਪਰਦਾਫਾਸ਼, 2 ਹੋਟਲਾਂ ’ਤੇ ਛਾਪੇਮਾਰੀ ਕਰ ਹੋਟਲ ਸੰਚਾਲਕਾਂ ਸਣੇ 14 ਗ੍ਰਿਫਤਾਰ

ਮੋਗਾ - ਮੋਗਾ ਪੁਲਸ ਨੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸਦਰ ਥਾਣੇ ਅਧੀਨ ਆਉਂਦੇ 2 ਹੋਟਲਾਂ ’ਤੇ ਛਾਪੇਮਾਰੀ ਕਰ ਕੇ ਹੋਟਲ ਸੰਚਾਲਕਾਂ ਸਮੇਤ 14 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਸਦਰ ਥਾਣਾ ਇੰਚਾਰਜ ਗੁਰਸੇਵਕ ਸਿੰਘ ਪੁਲਸ ਪਾਰਟੀ ਨਾਲ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਕਿ ਹੋਟਲ ਮੇਲਾ ਰਾਮ, ਜਿਸਨੂੰ ਲਵਜੀਤ ਸਿੰਘ ਵਾਸੀ ਪਿੰਡ ਜ਼ੀਰਾ (ਫਿਰੋਜ਼ਪੁਰ) ਅਤੇ ਹੋਟਲ ਬੀ. ਆਰ., ਜਿਸਨੂੰ ਅਨਮੋਲ ਸਿੰਘ ਵਾਸੀ ਰਾਏਕੋਟ ਬੱਸੀਆਂ ਚਲਾ ਰਿਹਾ ਹੈ, ਆਪਣੇ ਹੋਟਲ ਦੇ ਕਮਰਿਆਂ ਵਿਚ ਗਾਹਕਾਂ ਤੋਂ ਮੋਟੀ ਰਕਮ ਵਸੂਲ ਕੇ ਦੇਹ ਵਪਾਰ ਰੈਕੇਟ ਚਲਾਉਂਦੇ ਹਨ ਅਤੇ ਦੂਜੇ ਰਾਜਾਂ ਤੋਂ ਔਰਤਾਂ ਨੂੰ ਲਿਆ ਕੇ ਗਾਹਕਾਂ ਨੂੰ ਵਪਾਰ ਲਈ ਸਪਲਾਈ ਕਰਦੇ ਹਨ ਜੇਕਰ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਮਰਦ, ਔਰਤਾਂ ਅਤੇ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਜਿਸ ’ਤੇ ਸਾਈਬਰ ਕ੍ਰਾਈਮ ਸੈੱਲ ਮੋਗਾ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਦੇ ਨਾਲ ਪੁਲਸ ਪਾਰਟੀ ਨੇ ਦੋਵਾਂ ਹੋਟਲਾਂ ’ਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਘੇਰ ਲਿਆ।

ਹੋਟਲ ਸੰਚਾਲਕਾਂ ਸਮੇਤ 14 ਜੋੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਮੁੰਡੇ, ਕੁੜੀਆਂ ਅਤੇ ਔਰਤਾਂ ਆਦਿ ਸ਼ਾਮਲ ਸਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਥਾਣਾ ਸਦਰ ਮੋਗਾ ਵਿਚ ਇਮੋਰਲ ਟਰੈਫਿਕ ਪ੍ਰੀਵੈਂਸ਼ਨ ਐਕਟ 1956 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਦੋਂ ਇਸ ਸਬੰਧੀ ਥਾਣਾ ਸਦਰ ਇੰਚਾਰਜ ਗੁਰਸੇਵਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਜਲਦੀ ਹੀ ਸ਼ਹਿਰ ਦੇ ਹੋਰ ਹੋਟਲਾਂ ’ਚ ਵੀ ਛਾਪੇਮਾਰੀ ਕੀਤੀ ਜਾਵੇਗੀ: ਡੀ. ਐੱਸ. ਪੀ.
ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਸਥਿਤ ਹੋਟਲਾਂ ਵਿਚ ਵੀ ਖੁੱਲ੍ਹੇਆਮ ਦੇਹ ਵਪਾਰ ਦੇ ਕਾਰੋਬਾਰ ਦੀ ਚਰਚਾ ਹੈ। ਕੁਝ ਦਿਨ ਪਹਿਲਾਂ ਪੁਲਸ ਨੇ ਜੀ. ਟੀ. ਰੋਡ ’ਤੇ ਸਥਿਤ ਕੁਝ ਹੋਟਲਾਂ ’ਤੇ ਛਾਪੇਮਾਰੀ ਕੀਤੀ ਸੀ ਅਤੇ ਕੁਝ ਜੋੜਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਕਿਸੇ ਨੇ ਵੀ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ।

ਇਸ ਸਬੰਧੀ ਜਦੋਂ ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਹੋਟਲ ਵਿਚ ਦੇਹ ਵਪਾਰ ਦੇ ਧੰਦੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਭਾਵੇਂ ਉਹ ਸ਼ਹਿਰ ਦੇ ਅੰਦਰੂਨੀ ਜਾਂ ਬਾਹਰੀ ਹਿੱਸੇ ਵਿਚ ਹੋਵੇ ਅਤੇ ਜਲਦੀ ਹੀ ਸਾਰੇ ਹੋਟਲਾਂ ’ਤੇ ਛਾਪੇਮਾਰੀ ਕੀਤੀ ਜਾਵੇਗੀ।

Credit : www.jagbani.com

  • TODAY TOP NEWS