ਇਸਲਾਮਾਬਾਦ — ਦੁਨੀਆ ਭਰ ਦੇ ਦੇਸ਼ਾਂ ਦੇ ਪਾਸਪੋਰਟ ਦੀ ਤਾਕਤ ਦਰਸ਼ਾਉਣ ਵਾਲੀ ਮਸ਼ਹੂਰ ਹੇਨਲੀ ਪਾਸਪੋਰਟ ਇੰਡੈਕਸ ਦੀ ਤਾਜ਼ਾ ਗਲੋਬਲ ਰੈਂਕਿੰਗ ਜਾਰੀ ਹੋ ਗਈ ਹੈ। ਇਸ ਵਿੱਚ ਜਿੱਥੇ ਸਿੰਗਾਪੁਰ ਵਰਗੇ ਦੇਸ਼ਾਂ ਦੇ ਨਾਗਰਿਕ ਬਿਨਾਂ ਵੀਜ਼ਾ ਦੇ ਦੁਨੀਆ ਦੇ ਲਗਭਗ ਹਰ ਕੋਨੇ ਵਿੱਚ ਜਾ ਸਕਦੇ ਹਨ, ਉੱਥੇ ਹੀ ਪਾਕਿਸਤਾਨ ਦਾ ਪਾਸਪੋਰਟ ਚੌਥੇ ਸਾਲ ਵੀ ਦੁਨੀਆ ਦੇ ਸਭ ਤੋਂ ਕਮਜ਼ੋਰ ਪਾਸਪੋਰਟਾਂ ‘ਚ ਸ਼ਾਮਲ ਰਹਿਆ ਹੈ।
ਸਿਰਫ਼ 31 ਦੇਸ਼ਾਂ ਵਿੱਚ ਹੀ ਐਂਟਰੀ
ਇਸ ਸਾਲ ਦੀ ਰੈਂਕਿੰਗ ਵਿੱਚ ਪਾਕਿਸਤਾਨ 103ਵੇਂ ਸਥਾਨ ‘ਤੇ ਹੈ, ਜੋ ਯਮਨ ਨਾਲ ਸਾਂਝਾ ਸਥਾਨ ਹੈ। ਇਸ ਨਾਲ ਪਾਕਿਸਤਾਨ ਦਾ ਪਾਸਪੋਰਟ ਦੁਨੀਆ ਦਾ ਚੌਥਾ ਸਭ ਤੋਂ ਕਮਜ਼ੋਰ ਪਾਸਪੋਰਟ ਬਣ ਗਿਆ ਹੈ। ਇਸ ਸੂਚੀ ਮੁਤਾਬਕ, ਪਾਕਿਸਤਾਨੀ ਪਾਸਪੋਰਟ ਧਾਰਕਾਂ ਨੂੰ 227 ਦੇਸ਼ਾਂ ‘ਚੋਂ ਸਿਰਫ 31 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਜਾਣ ਦੀ ਆਜ਼ਾਦੀ ਹੈ।
ਪਾਕਿਸਤਾਨ ਤੋਂ ਹੇਠਾਂ ਕੇਵਲ ਤਿੰਨ ਦੇਸ਼ ਹਨ —
- ਇਰਾਕ (104ਵਾਂ): 29 ਦੇਸ਼ਾਂ ‘ਚ ਬਿਨਾਂ ਵੀਜ਼ਾ ਦੇ ਪ੍ਰਵੇਸ਼।
- ਸੀਰੀਆ (105ਵਾਂ): ਸਿਰਫ਼ 26 ਦੇਸ਼ਾਂ ‘ਚ ਐਂਟਰੀ।
- ਅਫ਼ਗਾਨਿਸਤਾਨ (106ਵਾਂ): ਸਭ ਤੋਂ ਕਮਜ਼ੋਰ ਪਾਸਪੋਰਟ, ਸਿਰਫ਼ 24 ਦੇਸ਼ਾਂ ‘ਚ ਐਂਟਰੀ।
ਏਸ਼ੀਆਈ ਦੇਸ਼ਾਂ ਦਾ ਦਬਦਬਾ
ਏਸ਼ੀਆਈ ਦੇਸ਼ਾਂ ਨੇ ਇਸ ਸੂਚੀ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਮਜ਼ਬੂਤ, ਜਿਸ ਨਾਲ 193 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਐਂਟਰੀ ਮਿਲਦੀ ਹੈ। ਦੱਖਣੀ ਕੋਰੀਆ ਦੂਜੇ ਸਥਾਨ ‘ਤੇ (190 ਦੇਸ਼ਾਂ ‘ਚ ਐਂਟਰੀ)। ਜਾਪਾਨ ਤੀਜੇ ਸਥਾਨ ‘ਤੇ (189 ਦੇਸ਼ਾਂ ਤੱਕ ਪਹੁੰਚ)।
ਇਸ ਤੋਂ ਬਾਅਦ ਯੂਰਪੀ ਦੇਸ਼ਾਂ ਦਾ ਦਬਦਬਾ ਹੈ — ਜਰਮਨੀ, ਇਟਲੀ, ਸਪੇਨ, ਲਕਜ਼ਮਬਰਗ ਅਤੇ ਸਵਿਟਜ਼ਰਲੈਂਡ ਮਿਲ ਕੇ ਚੌਥੇ ਸਥਾਨ ‘ਤੇ ਹਨ (188 ਦੇਸ਼ਾਂ ਵਿੱਚ ਐਂਟਰੀ)।
ਅਮਰੀਕਾ ਟੌਪ-10 ਤੋਂ ਬਾਹਰ
ਇਸ ਵਾਰ ਦੇ ਸਭ ਤੋਂ ਚੌਕਾਉਣ ਵਾਲੇ ਨਤੀਜਿਆਂ ‘ਚੋਂ ਇੱਕ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਦੋਵੇਂ ਟੌਪ-10 ਤੋਂ ਬਾਹਰ ਹੋ ਗਏ ਹਨ। ਅਮਰੀਕੀ ਪਾਸਪੋਰਟ ਜੋ 2014 ਵਿੱਚ ਪਹਿਲੇ ਸਥਾਨ ‘ਤੇ ਸੀ, ਹੁਣ ਮਲੇਸ਼ੀਆ ਨਾਲ 12ਵੇਂ ਸਥਾਨ ‘ਤੇ ਆ ਗਿਆ ਹੈ। ਅਮਰੀਕੀ ਨਾਗਰਿਕ ਹੁਣ ਸਿਰਫ਼ 180 ਦੇਸ਼ਾਂ ਵਿੱਚ ਹੀ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ।
ਭਾਰਤ ਲਈ ਵੀ ਝਟਕਾ
ਭਾਰਤ ਦੀ ਰੈਂਕਿੰਗ ਵੀ ਘਟ ਗਈ ਹੈ। ਪਿਛਲੇ ਸਾਲ 80ਵਾਂ ਸਥਾਨ, ਹੁਣ 85ਵਾਂ ਸਥਾਨ। ਭਾਰਤੀ ਪਾਸਪੋਰਟ ਨਾਲ ਹੁਣ ਸਿਰਫ਼ 57 ਦੇਸ਼ਾਂ ਵਿੱਚ ਹੀ ਬਿਨਾਂ ਪਹਿਲਾਂ ਵੀਜ਼ਾ ਲਏ ਜਾਣਾ ਸੰਭਵ ਹੈ।
ਇਸਦੇ ਉਲਟ, ਯੂਏਈ (UAE) ਦਾ ਪਾਸਪੋਰਟ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਹੈ — ਇਸ ਨੇ 184 ਦੇਸ਼ਾਂ ਵਿੱਚ ਐਂਟਰੀ ਨਾਲ 8ਵਾਂ ਸਥਾਨ ਹਾਸਲ ਕਰ ਲਿਆ ਹੈ। ਕੁੱਲ ਮਿਲਾ ਕੇ, ਪਾਕਿਸਤਾਨ ਦਾ ਪਾਸਪੋਰਟ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਅਤੇ ਹੁਣ ਉਸਨੂੰ ਦੁਨੀਆ ਦੇ ਸਭ ਤੋਂ ਨਿਕੰਮੇ ਪਾਸਪੋਰਟਾਂ ‘ਚ ਗਿਣਿਆ ਜਾ ਰਿਹਾ ਹੈ।
Credit : www.jagbani.com