ਨੌਜਵਾਨ ਨੂੰ ਬੰਦੀ ਬਣਾ ਏਜੰਟ ਨੇ ਫਿਰੋਤੀ ਵਜੋਂ ਮੰਗੇ 70 ਲੱਖ ਰੁਪਏ, ਪੁਲਸ ਵੱਲੋਂ ਪਰਚਾ ਦਰਜ

ਨੌਜਵਾਨ ਨੂੰ ਬੰਦੀ ਬਣਾ ਏਜੰਟ ਨੇ ਫਿਰੋਤੀ ਵਜੋਂ ਮੰਗੇ 70 ਲੱਖ ਰੁਪਏ, ਪੁਲਸ ਵੱਲੋਂ ਪਰਚਾ ਦਰਜ

ਲੋਹੀਆਂ ਖਾਸ - ਗੁਰਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਗੱਟਾ ਮੰਡੀ ਕਾਸੂ, ਥਾਣਾ ਲੋਹੀਆਂ ਖਾਸ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਨੇ ਸਥਾਨਕ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਅਜੇ ਸਿੰਘ, ਜੋ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ, ਉਸ ਨੂੰ ਭੇਜਣ ਲਈ ਕਾਰਤਿਕਾ ਬਾਬਾ ਬਸਤੀ ਕਲੋਨੀ ਨੇੜੇ ਗੁਰਦੁਆਰਾ ਟੱਕਰ ਸਾਹਿਬ ਤਰਨਤਾਰਨ ਨਾਲ 20 ਲੱਖ ਰੁਪਏ ਵਿੱਚ ਗੱਲਬਾਤ ਹੋਈ ਸੀ। ਇਹ ਤੈਅ ਹੋਇਆ ਸੀ ਕਿ ਰਕਮ ਆਸਟ੍ਰੇਲੀਆ ਪਹੁੰਚ ਕੇ ਵਰਕ ਪਰਮਿਟ ਮਿਲਣ ਤੋਂ ਬਾਅਦ ਦੇਣੀ ਸੀ।

ਪਰ, 2 ਅਕਤੂਬਰ 2025 ਨੂੰ ਕਾਰਤਿਕਾ ਅਜੇ ਨੂੰ ਕਲਕੱਤਾ ਲੈ ਗਈ ਅਤੇ 4 ਅਕਤੂਬਰ 2025 ਨੂੰ ਕਲਕੱਤੇ ਤੋਂ ਦੁਬਈ ਲਈ ਫਲਾਈਟ ਕਰਵਾ ਦਿੱਤੀ। ਉਸ ਤੋਂ ਬਾਅਦ, ਗੁਰਨਾਮ ਸਿੰਘ ਦੇ ਭਰਾ ਮੰਗਲ ਸਿੰਘ ਦੇ ਮੋਬਾਇਲ ‘ਤੇ ਕਾਰਤਿਕਾ ਨੇ ਫ਼ੋਨ ਕਰਕੇ ਕਥਿਤ ਤੌਰ ‘ਤੇ ਕਿਹਾ ਕਿ ਜੇ ਤੁਸੀਂ ਆਪਣੇ ਪੁੱਤਰ ਨੂੰ ਵਾਪਸ ਲੈਣਾ ਚਾਹੁੰਦੇ ਹੋ ਤਾਂ 70 ਲੱਖ ਰੁਪਏ ਫਿਰੋਤੀ ਵਜੋਂ ਦਿਓ, ਨਹੀਂ ਤਾਂ ਅਜੇ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅੱਜ ਤੱਕ ਧਮਕੀਆਂ ਮਿਲ ਰਹੀਆਂ ਹਨ।

ਗੁਰਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦੇ ਦੂਜੇ ਪੁੱਤਰ ਗੁਰਵਿੰਦਰ ਸਿੰਘ ਨੂੰ ਵੀ ਕਾਰਤਿਕਾ ਨੇ 16 ਲੱਖ ਰੁਪਏ ਵਿੱਚ ਇੰਗਲੈਂਡ ਭੇਜਣ ਦਾ ਵਾਅਦਾ ਕੀਤਾ ਸੀ। ਉਸ ਵੇਲੇ 3 ਲੱਖ ਰੁਪਏ ਐਡਵਾਂਸ ਦੇ ਦਿੱਤੇ ਗਏ ਸਨ, ਤੇ ਬਾਕੀ ਰਕਮ ਵਰਕ ਪਰਮਿਟ ਮਿਲਣ ‘ਤੇ ਦੇਣੀ ਸੀ। ਪਰ ਗੁਰਵਿੰਦਰ ਸਿੰਘ ਵਿਦੇਸ਼ ‘ਚ ਫੜਿਆ ਗਿਆ ਤੇ ਵਾਪਸ ਭਾਰਤ ਆ ਗਿਆ ਸੀ।

ਗੁਰਨਾਮ ਸਿੰਘ ਨੇ ਪੁਲਸ ਅੱਗੇ ਸ਼ਿਕਾਇਤ ਵਿੱਚ ਖਦਸ਼ਾ ਜਤਾਇਆ ਕਿ ਕਾਰਤਿਕਾ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਪੁੱਤਰ ਅਜੇ ਨੂੰ ਬੰਦੀ ਬਣਾ ਕੇ ਫਿਰੋਤੀ ਦੀ ਮੰਗ ਕਰ ਰਹੀ ਹੈ। ਉਸ ਨੇ ਮੰਗ ਕੀਤੀ ਹੈ ਕਿ ਜੇ ਉਸ ਦੇ ਪੁੱਤਰ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਕਾਰਤਿਕਾ ਅਤੇ ਉਸ ਦੇ ਸਾਥੀਆਂ ‘ਤੇ ਹੋਵੇਗੀ। ਸਥਾਨਕ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Credit : www.jagbani.com

  • TODAY TOP NEWS