ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਪਾਕਿਸਤਾਨ ਵਿਚ ਸ਼ਾਹਬਾਜ਼ ਸਰਕਾਰ ਖਤਰੇ ਦਾ ਸਾਹਮਣਾ ਕਰ ਰਹੀ ਹੈ ਅਤੇ ਇਹ ਇਕ ਮਹੀਨੇ ਵਿਚ ਡਿੱਗ ਸਕਦੀ ਹੈ, ਜਿਸ ਨਾਲ ਇਹ ਸੰਭਾਵੀ ਤੌਰ ’ਤੇ ਘੱਟ ਗਿਣਤੀ ਵਿਚ ਆ ਸਕਦੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ-ਐੱਨ.) ਦੀ ਅਗਵਾਈ ਵਾਲੀ ਸੰਘੀ ਸਰਕਾਰ ਨੂੰ ਇਕ ਮਹੀਨੇ ਦਾ ਅਲਟੀਮੇਟਮ ਜਾਰੀ ਕੀਤੀ ਹੈ, ਜਿਸ ਵਿਚ ਸੱਤਾਧਾਰੀ ਗੱਠਜੋੜ ਦੇ ਗਠਨ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਗਈ ਹੈ।
ਪਾਕਿਸਤਾਨ ਪੀਪਲਜ਼ ਪਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਉਹ ਆਪਣੇ ਰੁਖ਼ ਦਾ ਮੁੜ ਮੁਲਾਂਕਣ ਕਰੇਗੀ ਅਤੇ ਭਵਿੱਖ ਦੀ ਕਾਰਵਾਈ ’ਤੇ ਵਿਚਾਰ ਕਰੇਗੀ। ਸਰਹੱਦ ਪਾਰ ਸੂਤਰਾਂ ਅਨੁਸਾਰ ਪੀ.ਪੀ.ਪੀ. ਕੇਂਦਰੀ ਕਾਰਜਕਾਰੀ ਕਮੇਟੀ (ਸੀ.ਈ.ਸੀ.) ਦੀ ਮੀਟਿੰਗ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਪਾਰਟੀ ਆਗੂਆਂ ਸੀਨੇਟਰ ਸ਼ੈਰੀ ਰਹਿਮਾਨ, ਪੀ.ਪੀ.ਪੀ. ਸੂਚਨਾ ਸਕੱਤਰ ਨਦੀਮ ਅਫਜ਼ਲ ਚੈਨ ਅਤੇ ਸਿੰਧ ਸੂਚਨਾ ਮੰਤਰੀ ਸ਼ਰਜੀਲ ਇਨਾਮ ਮੇਮਨ ਨੇ ਕਿਹਾ ਕਿ ਪਾਰਟੀ ਨੇ ਆਪਣੀਆਂ ਚਿੰਤਾਵਾਂ ਸਿੱਧੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਦੱਸੀਆਂ ਹਨ।
ਰਹਿਮਾਨ ਨੇ ਕਿਹਾ ਕਿ ਰਾਸ਼ਟਰਪਤੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੋਵਾਂ ਨਾਲ ਮੀਟਿੰਗਾਂ ਹੋਈਆਂ ਹਨ, ਜਿਥੇ ਪੀ.ਪੀ.ਪੀ. ਨੇ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਉਨ੍ਹਾਂ ਕਿਹਾ ਅਗਲੇ ਦਿਨ ਚੇਅਰਮੈਨ ਬਿਲਾਵਲ ਆਪਣੀ ਟੀਮ ਨੂੰ ਬਿਲਾਵਲ ਹਾਊਸ ਵੀ ਲੈ ਗਏ, ਜਿਥੇ ਹੋਰ ਚਰਚਾ ਹੋਈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਨ੍ਹਾਂ ਮਾਮਲਿਆਂ ’ਤੇ ਚਰਚਾ ਕਰਨ ਲਈ ਸੱਦਾ ਦਿੱਤਾ ਸੀ ਅਤੇ ਅੱਜ ਚੇਅਰਮੈਨ ਬਿਲਾਵਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਵਾਅਦਿਆਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੀ.ਪੀ.ਪੀ. ਨੇ ਕੈਬਨਿਟ ਵਿਚ ਕੋਈ ਭੂਮਿਕਾ ਜਾਂ ਰਾਜਨੀਤਿਕ ਪੱਖਪਾਤ ਦੀ ਮੰਗ ਨਹੀਂ ਕੀਤੀ। ਪਾਕਿਸਤਾਨ ਪੀਪਲਜ਼ ਪਾਰਟੀ ਹਮੇਸ਼ਾ ਲੋਕਤੰਤਰ ਦੇ ਨਾਲ ਖੜ੍ਹੀ ਰਹੀ ਹੈ। ਅਸੀਂ ਸਰਕਾਰ ਦੇ ਗਠਨ ਵਿਚ ਮੁੱਖ ਭੂਮਿਕਾ ਨਿਭਾਈ ਭਾਵੇਂ ਇਹ ਸੰਸਥਾਗਤ ਸੁਧਾਰ ਹੋਣ ਜਾਂ ਸਮਾਜਿਕ ਭਲਾਈ ਪ੍ਰਾਜੈਕਟ, ਅਸੀਂ ਨਾ ਸਿਰਫ਼ ਉਨ੍ਹਾਂ ਦਾ ਸਮਰਥਨ ਕੀਤਾ ਸਗੋਂ ਸਹਿਮਤੀ ਬਣਾਉਣ ਵਿਚ ਵੀ ਮਦਦ ਕੀਤੀ। ਇਸ ਲਈ ਸਾਨੂੰ ਉਮੀਦ ਸੀ ਕਿ ਇਸ ਗੱਠਜੋੜ ਵਿਚ ਸਾਡੀ ਆਵਾਜ਼ ਸੁਣੀ ਜਾਵੇਗੀ।
ਪੈਂਡਿੰਗ ਵਚਨਬੱਧਤਾਵਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਸਰਕਾਰ ਗਠਨ ਅਤੇ 26ਵੇਂ ਸੋਧ ਵਰਗੇ ਮਾਮਲਿਆਂ ’ਤੇ ਵਾਅਦੇ ਕੀਤੇ ਗਏ ਸਨ, ਖਾਸ ਕਰ ਕੇ ਪੰਜਾਬ ਅਤੇ ਸੰਘੀ ਸਰਕਾਰ ਬਾਰੇ, ਜੋ ਪੂਰੇ ਨਹੀਂ ਹੋਏ ਹਨ। ਸੀ਼.ਈ.ਸੀ. ਵਿਚ ਅਸੀਂ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਸਮਾਂ ਦੇਣ ਦਾ ਫੈਸਲਾ ਕੀਤਾ ਹੈ। ਅਸੀਂ ਇਕ ਮਹੀਨੇ ਵਿਚ ਦੁਬਾਰਾ ਮਿਲਾਂਗੇ ਅਤੇ ਉਨ੍ਹਾਂ ਵਾਅਦਿਆਂ ’ਤੇ ਹੋਈ ਪ੍ਰਗਤੀ ਦਾ ਮੁਲਾਂਕਣ ਕਰਾਂਗੇ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਆਪਣੀ ਭਵਿੱਖ ਦੀ ਰਣਨੀਤੀ ਤੈਅ ਕਰਾਂਗੇ, ਜੋ ਕਿ ਸਰਕਾਰ ਤੋਂ ਸਮਰਥਨ ਵਾਪਸ ਲੈਣ ਤੱਕ ਵੀ ਜਾ ਸਕਦੀ ਹੈ ਕਿਉਂਕਿ ਪਾਕਿਸਤਾਨ ਹਫੜਾ-ਦਫੜੀ ਦਾ ਮਾਹੌਲ ਅਨੁਭਵ ਕਰ ਰਿਹਾ ਹੈ, ਮਹਿੰਗਾਈ ਨੂੰ ਕੰਟਰੋਲ ਕਰਨ ਦੀ ਕੋਈ ਯੋਜਨਾ ਨਹੀਂ ਹੈ, ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਖਿਸਕ ਰਿਹਾ ਹੈ ਅਤੇ ਰਾਜਨੀਤੀ ਅਤੇ ਸਰਕਾਰੀ ਕੰਮ ਵਿਚ ਫੌਜ ਦੀ ਦਖਲਅੰਦਾਜ਼ੀ ਵੱਧ ਰਹੀ ਹੈ। ਦੇਸ਼ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪਾਰਟੀ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਹੈ। ਅਫਗਾਨਿਸਤਾਨ ਅਤੇ ਭਾਰਤ ਨਾਲ ਸਾਡੇ ਸਬੰਧ ਸਭ ਤੋਂ ਮਾੜੇ ਹਨ। ਅਸੀਂ ਸਰਕਾਰ ਦੇ ਢਹਿ ਜਾਣ ਬਾਰੇ ਚਿੰਤਤ ਨਹੀਂ ਹਾਂ ਪਰ ਅਸੀਂ ਪਾਕਿਸਤਾਨ ਦੇ ਲੋਕਾਂ ਬਾਰੇ ਚਿੰਤਤ ਹਾਂ।
Credit : www.jagbani.com