ਚਾਈਨਾ ਈਸਟਰਨ ਏਅਰਲਾਈਨਜ਼ ਦੀਆਂ ਉਡਾਣਾਂ 9 ਨਵੰਬਰ ਤੋਂ ਫਿਰ ਸ਼ੁਰੂ

ਚਾਈਨਾ ਈਸਟਰਨ ਏਅਰਲਾਈਨਜ਼ ਦੀਆਂ ਉਡਾਣਾਂ 9 ਨਵੰਬਰ ਤੋਂ ਫਿਰ ਸ਼ੁਰੂ

ਜਲੰਧਰ – ਚਾਈਨਾ ਈਸਟਰਨ ਏਅਰਲਾਈਨਜ਼ ਨੇ ਭਾਰਤ ਵਿਚ ਆਪਣੇ ਆਪ੍ਰੇਸ਼ਨਜ਼ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨਜ਼ 9 ਨਵੰਬਰ ਤੋਂ ਸ਼ੰਘਾਈ ਪੁਡੋਂਗ ਇੰਟਰਨੈਸ਼ਨਲ ਏਅਰਪੋਰਟ ਟਰਮੀਨਲ-1 ਤੋਂ ਨਵੀਂ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਟਰਮੀਨਲ-3 ਦਰਮਿਆਨ ਉਡਾਣਾਂ ਸ਼ੁਰੂ ਕਰੇਗੀ। ਇਹ ਸੇਵਾ ਹਫਤੇ ਵਿਚ 3 ਦਿਨ ਬੁੱਧਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਸੰਚਾਲਿਤ ਕੀਤੀ ਜਾਵੇਗੀ।

ਇਹ ਉਡਾਣ ਸੇਵਾ ਕੋਵਿਡ-19 ਮਹਾਮਾਰੀ ਦੌਰਾਨ ਬੰਦ ਕਰ ਦਿੱਤੀ ਗਈ ਸੀ ਜਦੋਂ ਭਾਰਤ ਅਤੇ ਚੀਨ ਵਿਚ ਸਾਰੀਆਂ ਕੌਮਾਂਤਰੀ ਉਡਾਣਾਂ ਅਸਥਾਈ ਤੌਰ ’ਤੇ ਰੋਕ ਦਿੱਤੀਆਂ ਗਈਆਂ ਸਨ। ਲੱਗਭਗ 5 ਸਾਲ ਬਾਅਦ ਇਨ੍ਹਾਂ ਉਡਾਣਾਂ ਦੀ ਬਹਾਲੀ ਨਾਲ ਦੋਵਾਂ ਦੇਸ਼ਾਂ ਵਿਚ ਵਪਾਰਕ, ਉਦਯੋਗਿਕ ਅਤੇ ਸੈਰ-ਸਪਾਟਾ ਗਤੀਵਿਧੀਆਂ ਵਿਚ ਨਵੀਂ ਰਫਤਾਰ ਆਉਣ ਦੀ ਉਮੀਦ ਹੈ।

ਇਨ੍ਹਾਂ ਉਡਾਣਾਂ ਵਿਚ ਏ-330 ਵਾਈਡ-ਬਾਡੀ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿਚ ਬਿਜ਼ਨੈੱਸ ਕਲਾਸ ਅਤੇ ਇਕਾਨਮੀ ਕਲਾਸ ਦੋਵਾਂ ਦੀ ਸਹੂਲਤ ਹੋਵੇਗੀ। ਉਡਾਣ ਨੰਬਰ ਐੱਮ. ਯੂ.-563 ਸ਼ੰਘਾਈ ਤੋਂ ਦੁਪਹਿਰ 12.50 ਵਜੇ ਰਵਾਨਾ ਹੋ ਕੇ ਸ਼ਾਮ 5.45 ਵਜੇ ਦਿੱਲੀ ਪਹੁੰਚੇਗੀ, ਜਦਕਿ ਵਾਪਸੀ ਉਡਾਣ ਐੱਮ. ਯੂ.-564 ਦਿੱਲੀ ਤੋਂ ਰਾਤ 7.55 ਵਜੇ ਚੱਲ ਕੇ ਸਵੇਰੇ 4.10 ਵਜੇ ਸ਼ੰਘਾਈ ਪਹੁੰਚੇਗੀ।

ਕੰਧਾਰੀ ਗਰੁੱਪ ਦੇ ਐੱਮ. ਡੀ. ਅਨਿਲ ਕੁਮਾਰ ਕੰਧਾਰੀ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਇਸ ਰੂਟ ਦੀ ਬਹਾਲੀ ਭਾਰਤ-ਚੀਨ ਵਪਾਰਕ ਸਬੰਧਾਂ ਲਈ ਇਕ ਹਾਂ-ਪੱਖੀ ਸੰਕੇਤ ਹੈ। ਚਾਈਨਾ ਈਸਟਰਨ ਦੀਆਂ ਉਡਾਣਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਨਾ ਸਿਰਫ ਪੰਜਾਬ ਦੇ ਉਦਯੋਗ ਜਗਤ ਨੂੰ ਸਗੋਂ ਟ੍ਰੈਵਲ ਕਾਰੋਬਾਰ ਨੂੰ ਵੀ ਸਿੱਧਾ ਫਾਇਦਾ ਮਿਲੇਗਾ। ਚੀਨ ਨਾਲ ਵਪਾਰਕ ਯਾਤਰਾਵਾਂ ਅਤੇ ਟੂਰਿਜ਼ਮ ਵਿਚ ਵਾਧੇ ਨਾਲ ਟ੍ਰੈਵਲ ਏਜੰਸੀਆਂ, ਕੋਆਪ੍ਰੇਟਿਵ ਟ੍ਰੈਵਲ ਕੰਪਨੀਆਂ ਅਤੇ ਏਅਰਲਾਈਨਜ਼ ਪਾਰਟਨਰਜ਼ ਨੂੰ ਨਵੇਂ ਮੌਕੇ ਮਿਲਣਗੇ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਵਿਸ਼ੇਸ਼ ਤੌਰ ’ਤੇ ਮਸ਼ੀਨਰੀ, ਆਟੋ ਪਾਰਟਸ, ਹੈਂਡਟੂਲਜ਼, ਸਾਈਕਲ ਅਤੇ ਟੈਕਸਟਾਈਲ ਸੈਕਟਰ ਚੀਨ ਨਾਲ ਜੁੜੇ ਵਪਾਰ ’ਤੇ ਕਾਫੀ ਨਿਰਭਰ ਹੈ। ਸਿੱਧੀਆਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਕਾਰੋਬਾਰੀ ਯਾਤਰਾ ਆਸਾਨ ਹੋਵੇਗੀ, ਕੱਚੇ ਮਾਲ ਦੀ ਸਪਲਾਈ ਤੇਜ਼ ਹੋਵੇਗੀ ਅਤੇ ਤਕਨੀਕੀ ਸਹਿਯੋਗ ਵਧੇਗਾ। ਉਥੇ ਹੀ ਟ੍ਰੈਵਲ ਸੈਕਟਰ ਵਿਚ ਚੀਨ ਦੀ ਯਾਤਰਾ ਪ੍ਰਤੀ ਲੋਕਾਂ ਦੀ ਰੁਚੀ ਵਧੇਗੀ, ਜਿਸ ਨਾਲ ਏਜੰਟਾਂ ਅਤੇ ਟ੍ਰੈਵਲ ਆਪ੍ਰੇਟਰਾਂ ਨੂੰ ਨਵੀਂ ਊਰਜਾ ਮਿਲੇਗੀ।

ਕੰਧਾਰੀ ਨੇ ਕਿਹਾ ਕਿ ਇਹ ਕਦਮ ਪੰਜਾਬ ਅਤੇ ਉੱਤਰ ਭਾਰਤ ਦੀ ਅਰਥਵਿਵਸਥਾ ਲਈ ਅਹਿਮ ਸਾਬਿਤ ਹੋਵੇਗਾ। ਸਿੱਧੀ ਹਵਾਈ ਕੁਨੈਕਟੀਵਿਟੀ ਨਾਲ ਬਿਜ਼ਨੈੱਸ ਅਤੇ ਟੂਰਿਜ਼ਮ ਦੋਵਾਂ ਸੈਕਟਰਾਂ ਨੂੰ ਬਰਾਬਰ ਤੌਰ ’ਤੇ ਲਾਭ ਮਿਲੇਗਾ, ਜਿਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।
 

Credit : www.jagbani.com

  • TODAY TOP NEWS