''ਘਰ ਦੇ ਮਾਰਦੇ ਜਾਂ ਖ਼ੁਦ ਮਰ ਜਾ !'' ਸੁਪਨੇ 'ਚ ਆਏ 'ਲੋਕਾਂ' ਨੇ ਮੁੰਡੇ ਤੋਂ ਕਰਵਾ'ਤਾ ਕੁਝ ਐਸਾ ਕਿ ਹਾਲ ਦੇਖ...

''ਘਰ ਦੇ ਮਾਰਦੇ ਜਾਂ ਖ਼ੁਦ ਮਰ ਜਾ !'' ਸੁਪਨੇ 'ਚ ਆਏ 'ਲੋਕਾਂ' ਨੇ ਮੁੰਡੇ ਤੋਂ ਕਰਵਾ'ਤਾ ਕੁਝ ਐਸਾ ਕਿ ਹਾਲ ਦੇਖ...

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕੋਹਨਾ ਇਲਾਕੇ ਵਿੱਚ ਇਕ 16 ਸਾਲ ਦੇ ਹੋਣਹਾਰ ਵਿਦਿਆਰਥੀ ਆਰਵ ਰਾਜ ਮਿਸ਼ਰਾ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਪੁਲਸ ਨੂੰ ਮ੍ਰਿਤਕ ਦੇ ਮੋਬਾਈਲ ਤੋਂ ਇੱਕ ਸੁਸਾਈਡ ਮਿਲਿਆ ਹੈ, ਜਿਸ 'ਚ ਉਸ ਨੇ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ।

ਮ੍ਰਿਤਕ ਦੇ ਪਿਤਾ ਆਲੋਕ ਮਿਸ਼ਰਾ ਨੇ ਦੱਸਿਆ ਕਿ ਆਰਵ ਨੂੰ ਲੰਬੇ ਸਮੇਂ ਤੋਂ ਡਰਾਉਣੇ ਸੁਪਨੇ ਆ ਰਹੇ ਸਨ। ਆਰਵ ਨੇ ਦੀਵਾਲੀ ਦੌਰਾਨ ਆਪਣੀ ਵੱਡੀ ਭੈਣ ਮਾਨਿਆ ਨੂੰ ਦੱਸਿਆ ਸੀ ਕਿ ਉਸ ਨੂੰ ਸੁਪਨਿਆਂ ਵਿੱਚ ਤਿੰਨ-ਚਾਰ ਚਿਹਰੇ ਦਿਖਾਈ ਦਿੰਦੇ ਹਨ, ਜੋ ਉਸ ਨੂੰ ਕਹਿੰਦੇ ਹਨ, "ਪਰਿਵਾਰ ਨੂੰ ਮਾਰ ਦੇ ਜਾਂ ਖੁਦ ਮਰ ਜਾ।'' ਇਸੇ ਡਰ ਕਾਰਨ ਆਰਵ ਨੇ ਪਰਿਵਾਰ ਨੂੰ ਮਾਰਨ ਦੀ ਬਜਾਏ ਖ਼ੁਦ ਮੌਤ ਨੂੰ ਗਲ਼ੇ ਲਗਾ ਲਿਆ।

ਇਹ ਘਟਨਾ ਉਦੋਂ ਵਾਪਰੀ ਜਦੋਂ ਆਰਵ ਦੇ ਮਾਤਾ-ਪਿਤਾ ਛੱਠ ਪੂਜਾ ਲਈ ਭਾਗਲਪੁਰ ਗਏ ਹੋਏ ਸਨ ਅਤੇ ਉਸ ਦੀ ਵੱਡੀ ਭੈਣ ਯੂਨੀਵਰਸਿਟੀ ਵਿੱਚ ਸੀ। ਜਦੋਂ ਭੈਣ ਘਰ ਪਰਤੀ ਤਾਂ ਉਸ ਨੂੰ ਘਰ ਅੰਦਰੋਂ ਆਰਵ ਦਾ ਕੋਈ ਜਵਾਬ ਨਾ ਮਿਲਿਆ। ਇਸ ਮਗਰੋਂ ਉਸ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਤੇ ਅੰਦਰ ਦਾ ਹਾਲ ਦੇਖ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਆਰਵ ਦੀ ਲਾਸ਼ ਕਮਰੇ ਵਿੱਚ ਪਾਈਪ ਨਾਲ ਬੰਨ੍ਹੀ ਰੱਸੀ ਦੇ ਫਾਹੇ ਨਾਲ ਲਟਕ ਰਹੀ ਸੀ।

ਆਰਵ ਇੱਕ ਨਿੱਜੀ ਸਕੂਲ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਉਸ ਨੇ ਹਾਈ ਸਕੂਲ ਦੀ ਪ੍ਰੀਖਿਆ 93 ਫੀਸਦੀ ਅੰਕਾਂ ਨਾਲ ਪਾਸ ਕੀਤੀ ਸੀ। ਉਹ ਇੱਕ ਹੋਣਹਾਰ, ਹੱਸਮੁੱਖ ਅਤੇ ਮਿਲਣਸਾਰ ਵਿਦਿਆਰਥੀ ਸੀ। ਨਾਲ ਹੀ, ਉਹ ਸਟੇਟ ਲੈਵਲ ਦਾ ਤੈਰਾਕ ਵੀ ਸੀ ਜੋ ਕਾਨਪੁਰ ਅਤੇ ਆਸਪਾਸ ਦੇ ਜ਼ਿਲ੍ਹਿਆਂ ਦੀਆਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਂਦਾ ਸੀ। ਸਕੂਲ ਪ੍ਰਿੰਸੀਪਲ ਦੀਪਾ ਸਿੰਘ ਨੇ ਕਿਹਾ ਕਿ ਉਹ ਬਹੁਤ ਐਕਟਿਵ ਅਤੇ ਸਪੋਰਟੀ ਸੀ ਅਤੇ ਸਕੂਲ ਨੂੰ ਉਸ ਨੂੰ ਕਿਸੇ ਵੀ ਮਾਨਸਿਕ ਸਮੱਸਿਆ ਜਾਂ ਬਿਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਘਟਨਾ ਨਾਲ ਸਾਰੇ ਅਧਿਆਪਕ ਹੈਰਾਨ ਹਨ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਅਮਿਤ ਚੌਰਸੀਆ ਨੇ ਦੱਸਿਆ ਕਿ 16 ਸਾਲ ਦੇ ਬੱਚੇ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਫੋਰੈਂਸਿਕ ਟੀਮ ਨੇ ਮੋਬਾਈਲ ਅਤੇ ਕਮਰੇ ਵਿੱਚੋਂ ਕੁਝ ਅੰਗੂਠੀਆਂ ਤੇ ਛੱਲੇ ਬਰਾਮਦ ਕੀਤੇ ਹਨ। ਕੋਹਨਾ ਥਾਣਾ ਇੰਚਾਰਜ ਵਿਨੈ ਤਿਵਾੜੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਸਾਰੇ ਪਹਿਲੂਆਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Credit : www.jagbani.com

  • TODAY TOP NEWS