ਤਰਨਤਾਰਨ : ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਨੂੰ ਲੈ ਕੇ ਕੁੱਝ ਹੀ ਦਿਨ ਬਾਕੀ ਬਚੇ ਹਨ। ਵੋਟਿੰਗ ਦੇ ਮੱਦੇਨਜ਼ਰ ਇਸ ਵੇਲੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਸਿਆਸੀ ਧਿਰਾਂ ਦੇ ਲੀਡਰ ਆਪੋ-ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗਣ ਲਈ ਹਲਕੇ ਅੰਦਰ ਵਿਚਰ ਰਹੇ ਹਨ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਨਾਲ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਇਸ ਦੌਰਾਨ ਤਰਨਤਾਰਨ ਜ਼ਿਮਨੀ ਚੋਣ ਦੇ ਨਾਲ-ਨਾਲ ਹੋਰ ਮੁੱਦਿਆਂ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਹੋਈ। ਇੰਟਰਵਿਊ ਦੌਰਾਨ ਹਰਮੀਤ ਸੰਧੂ ਨੇ ਆਮ ਆਦਮੀ ਪਾਰਟੀ 'ਚ ਆਉਣ ਬਾਰੇ ਬੋਲਦਿਆਂ ਕਿਹਾ ਕਿ ਇਹ ਫ਼ੈਸਲਾ ਮੇਰੇ ਇਕੱਲੇ ਦਾ ਨਹੀਂ, ਸਗੋਂ ਹਲਕੇ ਦੇ ਲੋਕਾਂ ਦਾ ਵੀ ਹੈ। ਇੰਟਰਵਿਊ ਦੌਰਾਨ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਹਰਮੀਤ ਸੰਧੂ ਨੇ ਕਿਹਾ ਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਸਾਨੂੰ ਮੁੜ ਜਲਦੀ ਤੋਂ ਜਲਦੀ ਖੋਹੀਆਂ ਹੋਈਆਂ ਕੁਰਸੀਆਂ ਮਿਲ ਜਾਣ ਅਤੇ ਲੋਕਤੰਤਰੀ ਰਾਜ 'ਚ ਵਿਰੋਧੀ ਧਿਰ ਦਾ ਕੰਮ ਵਿਰੋਧ ਕਰਨਾ ਹੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਅੰਦਰ 25-30 ਸਟੇਡੀਅਮ, ਨੌਜਵਾਨਾਂ ਲਈ ਕਿੱਟਾਂ, ਹੈਲਥ ਸੈਂਟਰ ਆਦਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਉਨ੍ਹਾਂ ਨੇ ਪਾਰਟੀ ਜੁਆਇਨ ਕੀਤੀ ਸੀ ਤਾਂ ਉਸ ਤੋਂ ਬਾਅਦ ਹੀ ਮੇਰੇ ਹਲਕੇ ਦੀਆਂ 19 ਹਜ਼ਾਰ ਕਿਲੋਮੀਟਰ ਸੜਕਾਂ ਦਾ ਉਦਘਾਟਨ ਹੋਇਆ ਸੀ। ਉਨ੍ਹਾਂ ਕਿਹਾ ਕਿ 5 ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰ ਦੀ ਸਰਕਾਰ ਨੇ 60 ਹਜ਼ਾਰ ਕਰੋੜ ਆਰ. ਡੀ. ਐੱਫ. ਦਾ ਪੈਸਾ ਰੋਕਿਆ ਹੋਇਆ ਹੈ ਅਤੇ ਇਹ ਸਰਕਾਰ ਨੂੰ ਫੇਲ੍ਹ ਕਰਨ ਦੀਆਂ ਸਾਜ਼ਿਸ਼ਾਂ ਹਨ।
ਜਦੋਂ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਸਵਾਲ ਪੁੱਛਿਆ ਗਿਆ ਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸੰਧੂ ਡੰਡੇ ਦੀ ਸਿਆਸਤ ਕਰ ਰਿਹਾ ਹੈ ਅਤੇ ਜਿਹੜਾ ਕੋਈ ਵੀ ਅੱਗੇ ਆਉਂਦਾ ਹੈ, ਉਸ 'ਤੇ ਪਰਚਾ ਦਰਜ ਕਰਵਾ ਦਿੰਦਾ ਹੈ। ਇਸ ਦਾ ਜਵਾਬ ਦਿੰਦਿਆਂ ਹਰਮੀਤ ਸੰਧੂ ਨੇ ਕਿਹਾ ਕਿ ਤੁਸੀਂ ਇਕ ਵੀ ਐੱਫ. ਆਈ. ਆਰ. ਲਿਆ ਕੇ ਮੈਨੂੰ ਦਿਖਾ ਦਿਓ, ਜਿਹੜੀ ਮੈਂ ਵਿਰੋਧੀ ਧਿਰ ਖ਼ਿਲਾਫ਼ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ ਕੋਲ ਕੋਈ ਵੋਟ ਬੈਂਕ ਨਹੀਂ ਹੈ ਤਾਂ ਫਿਰ ਉਨ੍ਹਾਂ ਨੇ ਦੋਸ਼ ਹੀ ਲਾਉਣੇ ਹਨ। ਅਕਾਲੀ ਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਾਰਟੀ 'ਚ ਕੁੱਝ ਵੀ ਸਹੀ ਨਹੀਂ ਚੱਲ ਰਿਹਾ ਹੈ ਅਤੇ ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੋਈ ਮਰਿਆਦਾ ਨਹੀਂ ਰਹਿਣ ਦਿੱਤੀ ਅਤੇ ਜਦੋਂ ਦਿਲ ਕਰਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਬਦਲ ਦਿੱਤਾ ਜਾਂਦਾ ਹੈ। ਸੁਣੋ ਪੂਰੀ ਇੰਟਰਵਿਊ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com