ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਸੁਜੌਲੀ ਥਾਣਾ ਖੇਤਰ ਦੇ ਭਰਥਾਪੁਰ ਵਿੱਚ ਬੁੱਧਵਾਰ ਸ਼ਾਮ ਨੂੰ ਕੌੜੀਆਲਾ ਨਦੀ ਵਿੱਚ ਇੱਕ ਕਿਸ਼ਤੀ ਪਲਟ ਗਈ। ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਕਿਸ਼ਤੀ ਵਿੱਚ ਲਗਭਗ 25 ਲੋਕ ਸਵਾਰ ਸਨ। ਹੁਣ ਤੱਕ ਦੀ ਜਾਣਕਾਰੀ ਅਨੁਸਾਰ, ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ।
13 ਲੋਕਾਂ ਨੂੰ ਬਚਾਇਆ ਗਿਆ; 9 ਅਜੇ ਵੀ ਲਾਪਤਾ
ਹਾਦਸੇ ਤੋਂ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹੁਣ ਤੱਕ 13 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਹਾਦਸੇ ਵਿੱਚ ਕਈ ਲੋਕ ਲਾਪਤਾ ਹੋ ਗਏ ਹਨ। ਹਾਲਾਂਕਿ, ਇੱਕ ਸਰੋਤ ਅਨੁਸਾਰ 20 ਦੇ ਕਰੀਬ ਲੋਕ ਲਾਪਤਾ ਦੱਸੇ ਜਾ ਰਹੇ ਸਨ। ਲਾਪਤਾ ਲੋਕਾਂ ਵਿੱਚ 5 ਬੱਚੇ, 2 ਔਰਤਾਂ ਸਮੇਤ ਹੋਰ ਲੋਕ ਸ਼ਾਮਲ ਹਨ। ਜਿਨ੍ਹਾਂ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ, ਉਨ੍ਹਾਂ ਵਿੱਚ ਲਕਸ਼ਮੀ ਨਾਰਾਇਣ, ਰਾਣੀ ਦੇਵੀ, ਜੋਤੀ ਅਤੇ ਹਰੀਓਮ ਸ਼ਾਮਲ ਹਨ।
ਤੇਜ਼ ਬਹਾਅ ਕਾਰਨ ਹੋਇਆ ਹਾਦਸਾ
ਭਰਥਾਪੁਰ ਪਿੰਡ ਭਾਰਤ-ਨੇਪਾਲ ਸਰਹੱਦ (ਇੰਡੋ-ਨੇਪਾਲ ਬਾਰਡਰ) ਦੇ ਨੇੜੇ ਸਥਿਤ ਹੈ। ਇਹ ਪਿੰਡ ਕੌੜੀਆਲਾ ਨਦੀ ਦੇ ਕੰਢੇ ਵਸਿਆ ਹੈ। ਨਦੀ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਦਾ ਇੱਕੋ ਇੱਕ ਸਾਧਨ ਕਿਸ਼ਤੀ ਹੈ, ਜਿਸ ਦੀ ਵਰਤੋਂ ਲੋਕ ਬਾਜ਼ਾਰ ਅਤੇ ਰੁਜ਼ਗਾਰ ਦੀ ਭਾਲ ਵਿੱਚ ਕਰਦੇ ਹਨ।
ਬੁੱਧਵਾਰ ਸ਼ਾਮ ਨੂੰ ਜਦੋਂ ਲੋਕ ਕਿਸ਼ਤੀ 'ਤੇ ਸਵਾਰ ਹੋ ਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ, ਤਾਂ ਕਿਸ਼ਤੀ ਨਦੀ ਦੀ ਵਿਚਕਾਰਲੀ ਧਾਰਾ ਵਿੱਚ ਪਹੁੰਚ ਗਈ। ਦੱਸਿਆ ਗਿਆ ਹੈ ਕਿ ਨਦੀ ਦੇ ਤੇਜ਼ ਬਹਾਅ ਕਾਰਨ ਅਚਾਨਕ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟ ਗਈ।
ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦਾ ਰੈਸਕਿਊ ਆਪ੍ਰੇਸ਼ਨ ਜਾਰੀ
ਹਾਦਸੇ ਤੋਂ ਬਾਅਦ ਭਾਜੜ ਮਚ ਗਈ। ਨੇੜੇ ਹੋਣ ਕਾਰਨ ਪਿੰਡ ਵਾਲੇ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਚਾਰ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਤੋਂ ਬਾਅਦ ਸਥਾਨਕ ਥਾਣਾ ਪੁਲਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਕਾਰਜ ਲਈ ਐਨ.ਡੀ.ਆਰ.ਐਫ. (NDRF) ਅਤੇ ਐਸ.ਡੀ.ਆਰ.ਐਫ. (SDRF) ਦੀਆਂ ਟੀਮਾਂ ਤੁਰੰਤ ਮੌਕੇ 'ਤੇ ਰਵਾਨਾ ਕਰ ਦਿੱਤੀਆਂ ਗਈਆਂ। ਲਖਨਊ ਵਿੱਚ ਪੁਲਿਸ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀ ਜ਼ਿਲ੍ਹਾ ਪੁਲਸ-ਪ੍ਰਸ਼ਾਸਨ ਦੇ ਸੰਪਰਕ ਵਿੱਚ ਰਹਿੰਦੇ ਹੋਏ ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ।
ਫਿਲਹਾਲ, ਐਨ.ਡੀ.ਆਰ.ਐਫ.-ਐਸ.ਡੀ.ਆਰ.ਐਫ. ਦੀਆਂ ਟੀਮਾਂ ਰੈਸਕਿਊ ਆਪ੍ਰੇਸ਼ਨ ਵਿੱਚ ਲੱਗੀਆਂ ਹੋਈਆਂ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਕਿਉਂਕਿ ਘਟਨਾ ਵਾਲੀ ਥਾਂ ਦੇ ਨੇੜੇ ਕਾਫੀ ਹਨੇਰਾ ਹੈ, ਇਸ ਲਈ ਟਾਰਚ ਦੀ ਰੋਸ਼ਨੀ ਵਿੱਚ ਹੀ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਟੀਮ ਵੱਲੋਂ ਰੈਸਕਿਊ ਆਪ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਲਈ ਰੋਸ਼ਨੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
Credit : www.jagbani.com