ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਮਊਰਾਨੀਪੁਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਰਿਸ਼ਤਿਆਂ ਦੀ ਪਵਿੱਤਰਤਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਥੇ ਇੱਕ ਪਤੀ ਨੇ ਆਪਣੀ ਹੀ ਪਤਨੀ ਨੂੰ ਸਿਰਫ਼ ਇਸ ਲਈ ਛੱਤ ਤੋਂ ਹੇਠਾਂ ਸੁੱਟ ਦਿੱਤਾ ਕਿਉਂਕਿ ਉਸ ਨੇ ਸ਼ਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਤੀ ਘਰੋਂ ਫ਼ਰਾਰ ਹੋ ਗਿਆ। ਗੁਆਂਢੀਆਂ ਨੇ ਪੀੜਤਾ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ ਮਊਰਾਨੀਪੁਰ ਕੋਤਵਾਲੀ ਖੇਤਰ ਦੇ ਪਿੰਡ ਸਿਆਵਰੀ ਦਾ ਹੈ। ਜ਼ਖ਼ਮੀ ਔਰਤ ਦੀ ਪਛਾਣ ਤੀਜਾ (ਉਮਰ 26 ਸਾਲ) ਪਤਨੀ ਮੁਕੇਸ਼ ਅਹਿਰਵਾਰ ਵਜੋਂ ਹੋਈ ਹੈ। ਪੀੜਤਾ ਤੀਜਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮੁਕੇਸ਼ ਘਰ ਆਇਆ ਸੀ ਅਤੇ ਉਸ ਨਾਲ ਕੁੱਟਮਾਰ ਕਰਨ ਤੋਂ ਬਾਅਦ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਅਗਲੇ ਦਿਨ, ਜਦੋਂ ਉਸ ਨੇ ਦੁਬਾਰਾ ਉਹੀ ਹਰਕਤ ਦੁਹਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਤੀਜਾ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਗੱਲੋਂ ਗੁੱਸੇ ਵਿੱਚ ਆਏ ਮੁਕੇਸ਼ ਨੇ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸ ਨੂੰ ਛੱਤ 'ਤੇ ਲੈ ਜਾ ਕੇ ਹੇਠਾਂ ਧੱਕਾ ਦੇ ਦਿੱਤਾ।
ਰਿਸ਼ਤੇ ਵਿੱਚ ਇੱਕ ਸਾਲ ਬਾਅਦ ਆਈ ਦਰਾਰ
ਤੀਜਾ ਅਤੇ ਮੁਕੇਸ਼ ਦੀ ਮੁਲਾਕਾਤ ਲਗਭਗ ਤਿੰਨ ਸਾਲ ਪਹਿਲਾਂ ਹੋਈ ਸੀ ਅਤੇ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਜਦੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ, ਤਾਂ ਪਿੰਡ ਵਿੱਚ ਮਾਮਲਾ ਵਿਗੜਨ ਤੋਂ ਬਚਾਉਣ ਲਈ ਉਨ੍ਹਾਂ ਦਾ ਤੁਰੰਤ ਮੰਦਰ ਵਿੱਚ ਵਿਆਹ ਕਰਵਾ ਦਿੱਤਾ ਗਿਆ ਸੀ।
ਤੀਜਾ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਸਭ ਕੁਝ ਠੀਕ ਸੀ, ਪਰ ਵਿਆਹ ਦੇ ਇੱਕ ਸਾਲ ਬਾਅਦ ਹੀ ਰਿਸ਼ਤੇ ਵਿੱਚ ਦਰਾਰ ਆਉਣੀ ਸ਼ੁਰੂ ਹੋ ਗਈ। ਤੀਜਾ ਨੇ ਦੱਸਿਆ ਕਿ ਮੁਕੇਸ਼ ਅਕਸਰ ਘਰੋਂ ਬਾਹਰ ਰਹਿਣ ਲੱਗਾ ਸੀ। ਜਦੋਂ ਵੀ ਉਹ ਘਰ ਆਉਂਦਾ, ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ, ਜਿਸ ਕਾਰਨ ਉਸ ਦੀ ਜ਼ਿੰਦਗੀ ਨਰਕ ਬਣ ਗਈ ਸੀ।
ਪੀੜਤਾ ਦੀ ਹਾਲਤ ਗੰਭੀਰ
ਤੀਜਾ ਦੀਆਂ ਦਰਦਨਾਕ ਚੀਕਾਂ ਸੁਣ ਕੇ ਗੁਆਂਢੀ ਅਤੇ ਪਿੰਡ ਵਾਲੇ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਖੂਨ ਨਾਲ ਲੱਥ-ਪੱਥ ਤੀਜਾ ਨੂੰ ਮਊਰਾਨੀਪੁਰ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ। ਡਾ. ਰਵਿੰਦਰ ਗੁਪਤਾ ਨੇ ਦੱਸਿਆ ਕਿ ਪੀੜਤਾ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਝਾਂਸੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ। ਫਿਲਹਾਲ ਡਾਕਟਰਾਂ ਦੀ ਟੀਮ ਉਸਦੀ ਹਾਲਤ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ, ਕਿਉਂਕਿ ਉਹ ਖ਼ਤਰੇ ਤੋਂ ਬਾਹਰ ਨਹੀਂ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਮਊਰਾਨੀਪੁਰ ਪੁਲਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਬਿਆਨ ਦਰਜ ਕੀਤੇ। ਪੀੜਤਾ ਦੇ ਬਿਆਨ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਦੋਂ ਕਿ ਦੋਸ਼ੀ ਮੁਕੇਸ਼ ਅਹਿਰਵਾਰ ਦੀ ਭਾਲ ਜਾਰੀ ਹੈ।
Credit : www.jagbani.com