ਜਿੰਨੇ ਵੀ ਨਵੇਂ ਅਕਾਲੀ ਦਲ ਬਣਨਗੇ, ਸਾਰੇ ਹੀ ਨਕਾਰੇ ਜਾਣਗੇ: ਸੁਖਬੀਰ ਬਾਦਲ

ਜਿੰਨੇ ਵੀ ਨਵੇਂ ਅਕਾਲੀ ਦਲ ਬਣਨਗੇ, ਸਾਰੇ ਹੀ ਨਕਾਰੇ ਜਾਣਗੇ: ਸੁਖਬੀਰ ਬਾਦਲ

ਜਲੰਧਰ- ਜ਼ਿਮਨੀ ਚੋਣ ਦਾ ਪ੍ਰਚਾਰ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਨਵੇਂ ਤਜਰਬੇ ਤੋਂ ਅੱਕ ਚੁੱਕੇ ਹਨ। ਉਨ੍ਹਾਂ ਮੁਤਾਬਕ ਜਨਤਾ ਨੂੰ ਅਹਿਸਾਸ ਹੋ ਗਿਆ ਹੈ ਕਿ ਇਸ ਚੋਣ ਅਤੇ 2027 ਵਿਚ ਖੇਤਰੀ ਪਾਰਟੀ ਅਕਾਲੀ ਦਲ ਤੋਂ ਬਿਨਾਂ ਗੱਲ ਨਹੀਂ ਬਣੇਗੀ। ਸੁਖਬੀਰ ਨੇ ਪਿਛਲੇ ਕਾਰਜਕਾਲ ਵਿਚ ਕੀਤੇ ਗਏ ਵਿਕਾਸ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਵਿਰੋਧੀਆਂ ਨੇ ਸਾਡੀ ਧਾਰਨਾ ਖਰਾਬ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਬਹੁਤ ਗਲਤ ਪ੍ਰਚਾਰ ਕੀਤਾ ਪਰ ਹੁਣ ਲੋਕ ਮੰਨ ਚੁੱਕੇ ਹਨ ਕਿ ਖੇਤਰੀ ਪਾਰਟੀ ਗਲਤ ਨਹੀਂ ਸੀ ਕਿਉਂਕਿ ਨਾ ਤਾਂ ਕੈਪਟਨ ਸਾਡੇ ਖ਼ਿਲਾਫ਼ ਕੋਈ ਸਬੂਤ ਦੇ ਸਕਿਆ ਤੇ ਨਾ ਹੁਣ ਮੌਜੂਦਾ ਸਰਕਾਰ ਕੋਲੋਂ ਸਾਡੇ ਖ਼ਿਲਾਫ਼ ਕੁਝ ਸਾਬਿਤ ਹੋਇਆ ਹੈ। ਬਾਦਲ ਨੇ ਐੱਸ. ਜੀ. ਪੀ. ਸੀ. ਚੋਣ ’ਚ ਹੋਈ ਜਿੱਤ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਜਿੰਨੇ ਵੀ ਨਵੇਂ ਅਕਾਲੀ ਦਲ ਬਣਨਗੇ, ਸਾਰੇ ਹੀ ਨਕਾਰੇ ਜਾਣਗੇ । ਪੇਸ਼ ਹੈ ਪੂਰੀ ਗੱਲ਼ਬਾਤ-

• ਤਰਨਤਾਰਨ ਚੋਣ ਲਈ ਪ੍ਰਚਾਰ ਕਿਵੇਂ ਚੱਲ ਰਿਹਾ ਹੈ?

ਪ੍ਰਚਾਰ ਪੂਰੇ ਸਿਖਰ ’ਤੇ ਹੈ। ਇਹ ਚੋਣ ਕਾਫ਼ੀ ਅਹਿਮ ਹੈ। ਲੋਕਾਂ ਨੇ 4 ਸਾਲਾਂ ਵਿਚ ਵੇਖ ਲਿਆ ਕਿ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ। ਇਸ ਚੋਣ ਦੇ ਨਤੀਜੇ ਹੈਰਾਨੀਜਨਕ ਹੋਣਗੇ। ਲੋਕਾਂ ਦੇ ਅੰਦਰ ਦੀ ਭਾਵਨਾ ਨਿਕਲਦੀ ਦਿਸ ਰਹੀ ਹੈ। ਸਰਕਾਰ ਖਿਲਾਫ ਬਹੁਤ ਰੋਸ ਹੈ।

• ਤੁਸੀਂ ਇਹ ਚੋਣ ਕਿਹੜੇ ਮੁੱਦਿਆਂ ’ਤੇ ਲੜ ਰਹੇ ਹੋ?

ਸਾਡਾ ਇਕੋ-ਇਕ ਮੁੱਦਾ ਪੰਜਾਬ ਨੂੰ ਬਚਾਉਣ ਦਾ ਹੈ। ਪਿਛਲੇ 10 ਸਾਲਾਂ ਵਿਚ ਪਾਰਟੀਆਂ ਨੇ ਝੂਠੀਆਂ ਸਹੁੰਆਂ ਖਾ ਕੇ ਸਰਕਾਰਾਂ ਬਣਾਈਆਂ ਪਰ ਸੱਤਾ ਵਿਚ ਆਉਣ ਮਗਰੋਂ ਕੀਤਾ ਕੁਝ ਵੀ ਨਹੀਂ। ਲੋਕਾਂ ਵੱਲੋਂ ਕੀਤੇ ਇਹ ਤਜਰਬੇ ਪੰਜਾਬ ਨੂੰ ਬਹੁਤ ਭਾਰੀ ਪਏ ਹਨ, ਇਹ ਬੰਦ ਹੋਣੇ ਚਾਹੀਦੇ ਹਨ। ਪਿਛਲੇ ਸਮੇਂ ਦੌਰਾਨ 20-25 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਇੰਨਾ ਸਮਾਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਿਹਾ। ਲੋਕ ਦੋਹਾਂ ਸਰਕਾਰਾਂ ਦੇ ਕੰਮਾਂ ਦੀ ਤੁਲਨਾ ਕਰ ਕੇ ਆਪ ਹੀ ਫ਼ੈਸਲਾ ਕਰ ਸਕਦੇ ਹਨ। ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਇਕ ਵੀ ਨਿਸ਼ਾਨੀ ਨਹੀਂ ਬਣਾਈ। ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ, ਸਾਰਾ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਇਆ। ਬਿਜਲੀ, ਡੈਮ, ਸੜਕਾਂ ਦਾ ਜਾਲ, ਏਅਰਪੋਰਟ ਆਦਿ ਸਭ ਕੁਝ ਅਕਾਲੀ ਦਲ ਵੇਲੇ ਬਣਿਆ। ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਅਕਾਲੀ ਦਲ ਨੇ ਸ਼ੁਰੂ ਕੀਤੀਆਂ, ਇਨ੍ਹਾਂ ਨੇ ਹੌਲ਼ੀ-ਹੌਲ਼ੀ ਉਹ ਵੀ ਖ਼ਤਮ ਕਰ ਦਿੱਤੀਆਂ। ਮੌਜੂਦਾ ਸਰਕਾਰ ਨੇ ਵੀ ਸਿਰਫ ਗੱਲਾਂ ਜਾਂ ਵਾਅਦੇ ਕੀਤੇ ਹਨ ਜਦਕਿ ਜ਼ਮੀਨ ’ਤੇ ਕੁਝ ਵੀ ਨਹੀਂ ਹੈ। ਲੋਕ ਸਿਆਣੇ ਹਨ, ਉਹ ਸਮਝ ਚੁੱਕੇ ਨੇ ਕਿ ਖੇਤਰੀ ਪਾਰਟੀ ਨਾਲ ਹੀ ਗੱਲ ਬਣਨੀ ਹੈ।

• ਇਸ ਸਭ ਦੇ ਬਾਵਜੂਦ ਅਕਾਲੀ ਦਲ ਦੀ ਗੱਲ ਕਿਉਂ ਨਹੀਂ ਬਣਦੀ?

ਜਦੋਂ ਸਾਡੀ ਸਰਕਾਰ ਦੇ ਲਗਾਤਾਰ 10 ਸਾਲ ਹੋਏ ਤਾਂ ਵਿਰੋਧੀ ਅਕਾਲੀ ਦਲ ਨੂੰ ਹਰਾਉਣ ਲਈ ਇਕੱਠੇ ਹੋ ਗਏ। ਆਮ ਆਦਮੀ ਪਾਰਟੀ, ਕੇਂਦਰੀ ਏਜੰਸੀਆਂ ਤੇ ਕਾਂਗਰਸ ਨੇ ਸੋਸ਼ਲ ਮੀਡੀਆ ’ਤੇ ਬਾਦਲ ਪਰਿਵਾਰ ਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਉਹ ਬਾਦਲ ਪਰਿਵਾਰ ਨੂੰ ਪਿੱਛੇ ਕਰ ਕੇ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਇਸ ਝੂਠੇ ਪ੍ਰਚਾਰ ਨਾਲ ਲੋਕਾਂ ਦੇ ਮਨਾਂ ਵਿਚ ਇਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਕਿ ਉਹ ਸਾਰੀਆਂ ਚੰਗੀਆਂ ਗੱਲਾਂ ਭੁੱਲ ਗਏ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਝੂਠਾ ਕੇਸ ਬਣਾਇਆ ਤੇ ਫ਼ਿਰ ਗੁਟਕਾ ਸਾਹਿਬ ਦੀ ਸਹੁੰ ਖਾਧੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਗਾਰੰਟੀਆਂ ਦੇ ਲਾਅਰੇ ਲਗਾ ਕੇ ਲੋਕਾਂ ਨੂੰ ਵਰਗਲਾ ਲਿਆ ਪਰ ਹੁਣ ਲੋਕਾਂ ਨੂੰ ਦੋਹਾਂ ਦੀ ਅਸਲੀਅਤ ਪਤਾ ਲੱਗ ਗਈ ਹੈ ਤੇ ਤਰਨਤਾਰਨ ਦੇ ਨਤੀਜੇ ਇਕ ਮਿਸਾਲ ਪੈਦਾ ਕਰਨਗੇ।

• ਵਿਰੋਧੀ ਕਹਿੰਦੇ ਅਕਾਲੀ ਦਲ ਨੂੰ ਗੈਂਗਸਟਰ ਦੇ ਪਰਿਵਾਰ ’ਚੋਂ ਹੀ ਉਮੀਦਵਾਰ ਲੱਭਿਆ?

ਸਾਡਾ ਉਮੀਦਵਾਰ ਧਰਮੀ ਫੌਜੀ ਦਾ ਪਰਿਵਾਰ ਹੈ। ਰਹੀ ਗੱਲ ਲੋਕਾਂ ਨੂੰ ਗੈਂਗਸਟਰਾਂ ਰਾਹੀਂ ਧਮਕਾਉਣ ਦੀ ਤਾਂ ਤਰਨਤਾਰਨ ਦਾ ਕੋਈ ਇਕ ਵਿਅਕਤੀ ਦੱਸੋ, ਜਿਸ ਨੇ ਸਾਹਮਣੇ ਆ ਕੇ ਇਹ ਗੱਲ ਕਹੀ ਹੋਵੇ ਕਿ ਉਸ ਨੂੰ ਅਕਾਲੀ ਦਲ ਵੱਲੋਂ ਧਮਕੀ ਆਈ ਹੈ। ਇਹ ਸਭ ਕੋਰਾ ਝੂਠ ਤੇ ਵਿਰੋਧੀ ਧਿਰ ਦਾ ਡਰ ਹੈ। ਆਹ ਜਿਹੜਾ ਰਾਜਾ ਵੜਿੰਗ ਬੋਲ ਰਿਹਾ ਉਸਨੂੰ ਤਾਂ ਪਤਾ ਹੀ ਨਹੀਂ ਕਿ ਉਸ ਨੇ ਸਵੇਰੇ ਕੀ ਬਿਆਨ ਦਿੱਤਾ ਤੇ ਸ਼ਾਮ ਨੂੰ ਕੀ ਬੋਲਣਾ ਹੈ। ਇਹ ਘਬਰਾਏ ਹੋਏ ਹਨ। ਧਰਮੀ ਫ਼ੌਜੀ ਪਰਿਵਾਰ ਨੂੰ ਗੈਂਗਸਟਰ ਕਿਹਾ ਜਾ ਰਿਹਾ ਹੈ। ਰਾਜਾ ਵੜਿੰਗ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲੀ ਨੂੰ ਆਪਣੀ ਮਾਂ ਕਹਿੰਦਾ ਹੈ। ਜਿਸ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਸਾਰਾ ਕੁਝ ਕੁਰਬਾਨ ਕਰ ਦਿੱਤਾ, ਉਸ ਨੂੰ ਗੈਂਗਸਟਰ ਦੱਸਦੇ ਹਨ। ਉਹ ਧਰਮੀ ਫ਼ੌਜੀ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਵਾਲੀ ਲੜੀ ਲੜਾਈ ਵਿਚ ਕੁਰਬਾਨ ਹੋਇਆ ਸੀ। ਮੈਂ ਰਾਜਾ ਵੜਿੰਗ ਨੂੰ ਯਾਦ ਕਰਵਾ ਦੇਵਾਂ ਕਿ ਜਿੱਥੇ ਤੁਹਾਡੀ ਸਿਆਸੀ ਮਾਂ ਨੇ ਹਮਲਾ ਕਰਵਾਇਆ ਸੀ ਸਾਡਾ ਧਰਮੀ ਫੌਜੀ ਉੱਥੇ ਹੀ ਲੜਾਈ ਲੜ ਰਿਹਾ ਸੀ।

• ਹਰਮੀਤ ਸੰਧੂ ਕਹਿੰਦੇ ਹਨ ਕਿ ਸੁਖਬੀਰ ਬਾਦਲ ਸਿਰਫ਼ ਦੋ-ਤਿੰਨ ਲੋਕਾਂ ਦੀ ਹੀ ਸੁਣਦੇ ਹਨ?

ਉਸ ਨੇ ਇਹ ਨਹੀਂ ਕਿਹਾ ਕਿ ਮੈਂ ਵੀ ਉਨ੍ਹਾਂ ਵਿਚੋਂ ਹੀ ਇਕ ਸੀ। ਉਸ ਨੂੰ ਮੈਂ ਕਦੇ ਕਿਸੇ ਕੰਮ ਲਈ ਨਾ ਨਹੀਂ ਕਹੀ, ਉਸ ਨੂੰ ਅਜਿਹੀ ਗੱਲ ਕਹਿਣ ਵਿਚ ਸ਼ਰਮ ਆਉਣੀ ਚਾਹੀਦੀ ਹੈ।

• ਮੁੱਖ ਮੰਤਰੀ ਬਿਕਰਮ ਮਜੀਠੀਆ ’ਤੇ ਸਿੱਧੇ ਨਿਸ਼ਾਨੇ ਵਿੰਨ੍ਹਦੇ ਹਨ, ਕੀ ਕਹੋਗੇ?

ਉਨ੍ਹਾਂ ਦੇ ਮਨ ਵਿਚ ਇਹ ਹੈ ਕਿ ਪੂਰੀ ਜ਼ਿੰਦਗੀ ਮੈਂ ਹੀ ਮੁੱਖ ਮੰਤਰੀ ਰਹਿਣਾ ਹੈ। ਉਹ ਘਬਰਾਏ ਹੋਏ ਹਨ ਤੇ ਆਪਣੇ 50 ਮਿੰਟਾਂ ਦੇ ਭਾਸ਼ਣ ਵਿਚ 45 ਮਿੰਟ ਬਾਦਲ-ਬਾਦਲ ਹੀ ਕਰਦੇ ਰਹਿੰਦੇ ਹਨ। ਬਾਕੀ ਪਾਰਟੀਆਂ ਵੀ ਸਭ ਤੋਂ ਵੱਧ ਸਾਡਾ ਨਾਂ ਲੈਂਦੀਆਂ ਹਨ। ਅਸੀਂ ਭਾਵੇਂ ਵਿਧਾਨ ਸਭਾ ਵਿਚ ਤਿੰਨ ਸੀਟਾਂ ’ਤੇ ਹੀ ਰਹਿ ਗਏ ਪਰ ਫ਼ਿਰ ਵੀ ਇਹ ਸਾਡੇ ਤੋਂ ਹੀ ਡਰਦੇ ਹਨ। ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਕੌਮ ਦੀ ਜਥੇਬੰਦੀ ਹੈ, ਇਸ ਨੂੰ ਤੁਸੀਂ ਕਦੇ ਵੀ ਖ਼ਤਮ ਨਹੀਂ ਕਰ ਸਕਦੇ। ਅਕਾਲੀ ਦਲ ਥੋੜ੍ਹੇ ਸਮੇਂ ਲਈ ਪਿੱਛੇ ਜ਼ਰੂਰ ਹੋਇਆ ਹੈ ਪਰ ਹੁਣ ਤੂਫ਼ਾਨ ਵਾਂਗ ਅੱਗੇ ਆ ਰਿਹਾ ਹੈ। ਅਕਾਲੀ ਦਲ ਗੁਰੂ ਦੀ ਫ਼ੌਜ ਹੈ ਤੇ ਗੁਰੂ ਦੀ ਫ਼ੌਜ ਨੂੰ ਕਦੇ ਵੀ ਕੋਈ ਖ਼ਤਮ ਨਹੀਂ ਕਰ ਸਕਦਾ।

• ਤੁਹਾਡੇ ਕਰੀਬੀ ਤੁਹਾਨੂੰ ਛੱਡ ਕੇ ਕਿਉਂ ਜਾ ਰਹੇ ਹਨ?

ਇਹ ਵੀ ਪਰਮਾਤਮਾ ਦੀ ਬਖ਼ਸ਼ਿਸ਼ ਹੈ। ਜਿਹੜੇ ਲੋਕਾਂ ਕਰ ਕੇ ਅਕਾਲੀ ਦਲ ਦਾ ਨੁਕਸਾਨ ਹੋਇਆ, ਰੱਬ ਆਪ ਹੀ ਉਨ੍ਹਾਂ ਨੂੰ ਬਾਹਰ ਭੇਜੀ ਜਾਂਦਾ ਹੈ। ਜੋ ਕੰਮ ਮੈਂ ਨਹੀਂ ਕਰ ਸਕਦਾ ਸੀ, ਰੱਬ ਹੀ ਕਰੀ ਜਾਂਦਾ ਹੈ। ਜਦੋਂ ਦੇ ਉਹ ਲੋਕ ਗਏ ਹਨ, ਅਕਾਲੀ ਦਲ ਮਜ਼ਬੂਤ ਹੋਣ ਲੱਗ ਪਿਆ। ਉਨ੍ਹਾਂ ਲੋਕਾਂ ਦੀ ਸਾਖ਼ ਮਾੜੀ ਸੀ ਤੇ ਹੁਣ ਜਿਹੜੀਆਂ ਵੀ ਪਾਰਟੀਆਂ ਵਿਚ ਜਾਣਗੇ, ਉਨ੍ਹਾਂ ਪਾਰਟੀਆਂ ਨੂੰ ਖ਼ਤਮ ਕਰ ਦੇਣਗੇ।

• ਲੋਕ ਕਹਿੰਦੇ ਹਨ ਕਿ ਬਾਦਲ ਸਿਰਫ ਕਾਰੋਬਾਰੀ ਹਨ, ਜੋ ਸੱਤਾ ਦਾ ਫਇਦਾ ਲੈਂਦੇ ਹਨ?

ਮੈਂ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰਦਾ। ਇਹੀ ਮੇਰਾ ਸਿਧਾਂਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਜ਼ੋਰ ਲਗਾਇਆ ਪਰ ਇਕ ਵੀ ਚੀਜ਼ ਸਾਡੇ ਖ਼ਿਲਾਫ਼ ਨਹੀਂ ਲੱਭ ਸਕਿਆ। ਭਗਵੰਤ ਮਾਨ ਵੀ ਪਹਿਲਾਂ ਬੱਸਾਂ ਤੇ ਸੁੱਖ ਵਿਲਾਸ ਬੰਦ ਕਰਨ ਦੀਆਂ ਗੱਲਾਂ ਕਰਦਾ ਸੀ ਪਰ 4 ਸਾਲਾਂ ਵਿਚ ਬੰਦ ਕਿਉਂ ਨਹੀਂ ਕਰ ਸਕਿਆ? ਸਾਡੀ ਹਰ ਚੀਜ਼ ਕਾਨੂੰਨ ਮੁਤਾਬਕ ਹੈ ਤੇ ਅਸੀਂ ਕਦੇ ਵੀ ਆਪਣੀ ਸਰਕਾਰ ਹੋਣ ਦਾ ਫ਼ਾਇਦਾ ਨਹੀਂ ਚੁੱਕਿਆ। ਮੇਰੇ ਚੈਨਲ ਪੀ. ਟੀ. ਸੀ. ਨੇ ਕਦੇ ਵੀ ਸਰਕਾਰੀ ਇਸ਼ਤਿਹਾਰ ਲਈ ਇਕ ਵੀ ਪੈਸਾ ਨਹੀਂ ਲਿਆ, ਸਗੋਂ ਕਰੋੜਾਂ ਦੇ ਇਸ਼ਤਿਹਾਰ ਮੁਫ਼ਤ ਵਿਚ ਚਲਾਏ। ਇਨ੍ਹਾਂ ਨੇ ਸੁੱਖ ਵਿਲਾਸ ਤੇ ਬੱਸਾਂ ਖ਼ਿਲਾਫ਼ ਬਹੁਤ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਹੱਥ ਕੁਝ ਵੀ ਨਹੀਂ ਲੱਗਿਆ। ਮੈਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਮੇਰੇ ਕਿਸੇ ਵੀ ਕਾਰੋਬਾਰ ਦਾ ਉਹ ਕੁਝ ਨਹੀਂ ਵਿਗਾੜ ਸਕਦਾ।

• ਹਰਮੀਤ ਸੰਧੂ ਨੂੰ ਕੁਝ ਕਹਿਣਾ ਚਾਹੋਗੇ?

ਜੋ ਹਰਮੀਤ ਸੰਧੂ ਨੇ ਆਪਣਾ ਅਕਸ ਬਣਾ ਲਿਆ ਕਿ ਉਹ ਅੱਜ ਕਿਤੇ ਹੋਰ ਤੇ ਕੱਲ ਕਿਤੇ ਹੋਰ, ਇਹੋ ਜਿਹੇ ਲੋਕਾਂ ਦਾ ਕੋਈ ਭਵਿੱਖ ਨਹੀਂ ਹੁੰਦਾ। ਉਸ ਨੇ ਇਹ ਚੋਣ ਵੀ ਹਾਰ ਜਾਣੀ ਹੈ। ਇਹ ਗਿਆ ਵੀ ਉਸ ਪਾਰਟੀ ਵਿਚ, ਜੋ ਖ਼ਤਮ ਹੋ ਚੁੱਕੀ ਹੈ। ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੇ ਹਨ, ਅਗਲੇ 6 ਮਹੀਨਿਆਂ ਵਿਚ ਕਿਸੇ ਨੇ ਨਹੀਂ ਰਹਿਣਾ। ਇਨ੍ਹਾਂ ਦੇ ਵਿਧਾਇਕਾਂ ਦਾ ਅਕਸ ਹੀ ਇੰਨਾ ਖ਼ਰਾਬ ਹੈ ਕਿ ਕਿਸੇ ਪਾਰਟੀ ਨੇ ਵੀ ਉਨ੍ਹਾਂ ਨੂੰ ਆਪਣੇ ’ਚ ਸ਼ਾਮਲ ਨਹੀਂ ਕਰਨਾ। ਹੁਣ ਵੀ ਬਹੁਤ ਸਾਰੇ ਵਿਧਾਇਕ ਮੈਨੂੰ ਅਕਾਲੀ ਦਲ ਵਿਚ ਆਉਣ ਦੀ ਪੇਸ਼ਕਸ਼ ਕਰਦੇ ਹਨ ਪਰ ਮੈਂ ਸਾਫ਼ ਇਨਕਾਰ ਕਰ ਦਿੰਦਾ ਹਾਂ।

• ਆਪਣੀ ਪੁਰਾਣੇ ਭਾਈਵਾਲ ਭਾਜਪਾ ਦੀ ਸਿਆਸਤ ਨੂੰ ਕਿਵੇਂ ਵੇਖਦੇ ਹੋ?

ਹਰ ਪਾਰਟੀ ਨੂੰ ਆਪਣੇ-ਆਪ ਨੂੰ ਮਜ਼ਬੂਤ ਕਰਨ ਦਾ ਹੱਕ ਹੈ। ਪੰਜਾਬ ਵਿਚ ਭਾਜਪਾ ਦਾ ਇਕੱਲਿਆਂ ਕੋਈ ਭਵਿੱਖ ਨਹੀਂ ਹੈ।

• ‘ਵਾਰਿਸ ਪੰਜਾਬ ਦੇ’ ਨੂੰ ਚੁਣੌਤੀ ਮੰਨਦੇ ਹੋ?

ਉਨ੍ਹਾਂ ਨੂੰ ਵੀ ਚੋਣ ਲੜਨ ਦਾ ਪੂਰਾ ਹੱਕ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਤਜਰਬਿਆਂ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਹੈ। ਜਿਹੜਾ ਸੂਬਾ ਇਕ ਨੰਬਰ ’ਤੇ ਸੀ ਅੱਜ 19ਵੇਂ ਨੰਬਰ ’ਤੇ ਜਾ ਪਹੁੰਚਿਆ ਹੈ। ਇਕੋ-ਇਕ ਪਾਰਟੀ ਹੈ, ਜਿਸ ਨੇ ਪੰਜਾਬ ਲਈ ਸਭ ਕੁਝ ਕੁਰਬਾਨ ਕੀਤਾ ਹੈ। ਪੰਜਾਬ ਦਾ ਹੁਣ ਤਕ ਦਾ ਸਾਰਾ ਵਿਕਾਸ ਅਕਾਲੀ ਦਲ ਦੇ ਸਮੇਂ ਵਿਚ ਹੀ ਹੋਇਆ ਹੈ।

ਰਾਜਾ ਵੜਿੰਗ ਖਿਲਾਫ ਹੋਵੇ ਸਖਤ ਕਾਰਵਾਈ

ਦਲਿਤਾਂ ਬਾਰੇ ਰਾਜਾ ਵੜਿੰਗ ਦਾ ਬਿਆਨ ਨਿੰਦਣਯੋਗ ਹੈ। ਉਹ ਪਹਿਲਾਂ ਅਜਿਹੇ ਬਿਆਨ ਦਿੰਦਾ ਹੈ ਤੇ ਫ਼ਿਰ ਮੁਆਫ਼ੀ ਮੰਗਣ ਵਿਚ ਵੀ ਇਕ ਮਿੰਟ ਲਗਾਉਂਦਾ ਹੈ। ਜੇ ਉਸ ਨੇ ਮੁਆਫ਼ੀ ਹੀ ਮੰਗਣੀ ਸੀ ਤਾਂ ਆਪਣੇ ਸ਼ਬਦਾਂ ’ਤੇ ਕਾਬੂ ਰੱਖੇ। ਮੈਂ ਇਸ ਦੀ ਨਿਖੇਧੀ ਕਰਦਾ ਹਾਂ ਤੇ ਰਾਜਾ ਵੜਿੰਗ ਖ਼ਿਲਾਫ਼ ਸਖ਼ਤ ਕਾਰਵਾਈ ਕਰ ਕੇ ਇਕ ਮਿਸਾਲ ਕਾਇਮ ਕਰਨ ਦੀ ਮੰਗ ਕਰਦਾ ਹਾਂ।

ਬੁਰਜ ਦਾ ਪਿਤਾ ਤੇ ਬਾਜਵਾ ਇਕੋ ਭਾਈਚਾਰਾ

ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦਾ ਪਿਤਾ ਪੰਜਾਬ ਦਾ ਸਭ ਤੋਂ ਵੱਡਾ ਨਸ਼ਾ ਸਮੱਗਲਰ ਸੀ। ਉਸ ਦੀ ਮੌਤ ਵੀ ਜੇਲ ਵਿਚ ਹੀ ਹੋਈ ਸੀ। ਉਹ ਪ੍ਰਤਾਪ ਸਿੰਘ ਬਾਜਵਾ ਦੇ ਹੀ ਭਾਈਚਾਰੇ ਤੋਂ ਸੀ।

ਐੱਸ. ਜੀ. ਪੀ. ਸੀ. ਚੋਣਾਂ ’ਚ ਹੋਈ ਜਿੱਤ ਬਾਰੇ ਕੀ ਕਹੋਗੇ?

ਇਹ ਚੋਣ ਨਤੀਜੇ ਸਿੱਧਾ ਤੇ ਸਪੱਸ਼ਟ ਸੁਨੇਹਾ ਹੈ ਕਿ ਪੰਜਾਬ ਦੇ ਲੋਕ ਸਿਰਫ਼ ਇਕੋ-ਇਕ ਪਾਰਟੀ ਅਕਾਲੀ ਦਲ ਨੂੰ ਮੰਨਦੇ ਹਨ, ਜਿਸ ਦੀ ਉਮਰ 105 ਸਾਲ ਹੈ। ਐੱਸ. ਜੀ. ਪੀ. ਸੀ. ਦੇ ਕਈ ਮੈਂਬਰ ਆਮ ਆਦਮੀ ਪਾਰਟੀ, ਕਾਂਗਰਸ ਤੇ ਪੁਨਰ ਸੁਰਜੀਤ ਤੇ ਨਵਾਂ ਚੁੱਲ੍ਹਾ ਦਲ ਵਿਚ ਚਲੇ ਗਏ। ਇਹ ਸਾਰੇ ਅਕਾਲੀ ਦਲ ਦੇ ਖ਼ਿਲਾਫ਼ ਇਕਜੁੱਟ ਸਨ। ਫ਼ਿਰ ਵੀ 18 ਵੋਟਾਂ ਹੀ ਪਈਆਂ ਤੇ ਅਗਲੀ ਵਾਰ 7-8 ਹੀ ਰਹਿ ਜਾਣਗੀਆਂ। ਜਿੰਨੇ ਵੀ ਨਵੇਂ ਅਕਾਲੀ ਦਲ ਬਣਨਗੇ, ਸਾਰੇ ਹੀ ਨਕਾਰੇ ਜਾਣਗੇ। ਇਤਿਹਾਸ ਵਿਚ ਵੀ ਜਿੰਨੇ ਵੀ ਅਕਾਲੀ ਦਲ ਬਣੇ, ਸਾਰੇ ਹੀ ਖ਼ਤਮ ਹੋ ਗਏ।

Credit : www.jagbani.com

  • TODAY TOP NEWS