ਨੈਸ਼ਨਲ ਡੈਸਕ- ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਹਮੇਸ਼ਾ ਚਲਾਨ ਕੱਟਿਆ ਜਾਂਦਾ ਹੈ ਪਰ ਇਸ ਵਾਰ ਯੂਪੀ ਦੇ ਕੰਨੌਜ 'ਚ ਟੀ.ਐੱਸ.ਆਈ. ਆਫਾਕ ਖਾਨ ਨੇ ਇਕ ਸ਼ਰਾਬੀ ਬਾਈਕ ਸਵਾਰ ਨੂੰ ਅਜਿਹੀ ਅਨੌਖੀ ਸਜ਼ਾ ਦਿੱਤੀ ਕਿ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ। ਨੌਜਵਾਨ ਨੂੰ ਬਿਨਾਂ ਜੁਰਮਾਨਾ ਕੀਤੇ, 3 ਘੰਟਿਆਂ ਤਕ ਟ੍ਰੈਫਿਕ ਸਿਪਾਹੀ ਦੇ ਨਾਲ ਟ੍ਰੈਫਿਕ ਕੰਟਰੋਲ ਕਰਨ ਦੀ ਡਿਊਟੀ 'ਤੇ ਲਗਾ ਦਿੱਤਾ ਗਿਆ। ਸਜ਼ਾ ਤੋਂ ਬਾਅਦ ਨੌਜਵਾਨ ਨੇ ਅੱਗੇ ਤੋਂ ਕਦੇ ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਦਾ ਸੰਕਲਪ ਲਿਆ।
ਚਲਾਨ ਦੇ ਬਦਲੇ ਟ੍ਰੈਫਿਕ ਕੰਟਰੋਲ
ਦਰਅਸਲ, ਐਤਵਾਰ ਦੁਪਹਿਰ ਟੀ.ਐੱਸ.ਆਈ. ਆਫਾਕ ਖਾਨ ਰੋਡਵੇਜ਼ ਬੱਸ ਸਟਾਪ ਨੇੜੇ ਚੈਕਿੰਗ ਕਰ ਰਹੇ ਸਨ। ਉਨ੍ਹਾਂ ਨੇ ਸਾਹਮਣਿਓਂ ਆ ਰਹੇ ਇਕ ਬਾਈਕ ਸਵਾਰ ਨੂੰ ਰੋਕਿਆ। ਗੱਲਬਾਤ ਸ਼ੁਰੂ ਹੋਈ ਤਾਂ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਟੱਲੀ ਪਾਇਆ ਗਿਆ।
ਇਸਤੋਂ ਬਾਅਦ ਜਦੋਂ ਟੀ.ਐੱਸ.ਆਈ. ਨੇ ਉਸਨੂੰ ਰੋਕਿਆ ਤਾਂ ਉਹ ਇਧਰ-ਓਧਰ ਦੀਆਂ ਗੱਲਾਂ ਕਰਨ ਲੱਗਾ ਅਤੇ ਫਿਰ ਹੱਥ ਜੋੜ ਕੇ ਮਾਫੀ ਮੰਗਣ ਲੱਗਾ। ਆਫਾਕ ਖਾਨ ਨੇ ਉਸਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਨਾ ਉਸਦਾ ਚਲਾਨ ਕੱਟਿਆ ਅਤੇ ਨਾ ਹੀ ਜੁਰਮਾਨਾ ਲਗਾਇਆ। ਉਨ੍ਹਾਂ ਨੇ ਨੌਜਵਾਨ ਨੂੰ ਟ੍ਰੈਫਿਕ ਕੰਟਰੋਲ ਲਈ ਸਿਪਾਹੀ ਦੇ ਨਾਲ 3 ਘੰਟਿਆਂ ਦੀ ਡਿਊਟੀ 'ਤੇ ਲਗਾ ਦਿੱਤਾ।
ਸਜ਼ਾ ਤੋਂ ਬਾਅਦ ਮੰਨੀ ਗਲਤੀ
ਇਸਤੋਂ ਬਾਅਦ ਨੌਜਵਾਨ ਤੁਰੰਤ ਟ੍ਰੈਫਿਕ ਨੂੰ ਕੰਟਰੋਲ ਕਰਨ 'ਚ ਜੁਟ ਗਿਆ। 3 ਘੰਟਿਆਂ ਦੀ ਡਿਊਟੀ ਪੂਰੀ ਹੋਣ ਤੋਂ ਬਾਅਦ ਉਹ ਟੀ.ਐੱਸ.ਆਈ. ਆਫਾਕ ਖਾਨ ਕੋਲ ਆਇਆ ਅਤੇ ਬੋਲਿਆ, 'ਇਸ ਵਿਚ ਤਾਂ ਬਹੁਤ ਮਿਹਨਤ ਲਗਦੀ ਹੈ, ਖੜ੍ਹੇ-ਖੜ੍ਹੇ ਪੂਰੀ ਸਰੀਰ ਥੱਕ ਗਿਆ।'
ਨੌਜਵਾਨ ਦੀਆਂ ਗੱਲਾਂ ਸੁਣ ਕੇ ਆਫਾਕ ਖਾਨ ਹੱਸਣ ਲੱਗੇ ਅਤੇ ਉਸਨੂੰ ਥੋੜੀ ਦੇਰ ਹੋਰ ਡਿਊਟੀ ਕਰਨ ਲਈ ਕਿਹਾ। ਸਜ਼ਾ ਪੂਰੀ ਹੋਣ ਤੋਂ ਬਾਅਦ ਟੀ.ਐੱਸ.ਆਈ. ਨੇ ਉਸਨੂੰ ਸ਼ਰਾਬ ਨਾ ਪੀ ਕੇ ਗੱਡੀ ਚਲਾਉਣ ਦੀ ਸਲਾਹ ਦਿੱਤੀ, ਜਿਸ 'ਤੇ ਨੌਜਵਾਨ ਨੇ ਅੱਗੋਂ ਕਦੇ ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਦਾ ਵਚਨ ਦਿੱਤਾ। ਫਿਲਹਾਲ, ਇਸ ਅਨੋਖੀ ਸਜ਼ਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਚਰਚਾ ਹੋ ਰਹੀ ਹੈ।
Credit : www.jagbani.com