ਜਲੰਧਰ/ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਤੇ ਡਬਿੰਗ ਕਲਾਕਾਰ ਚਿਨਮਈ ਸ੍ਰੀਪਦਾ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੀ ਇੱਕ ਛੇੜਛਾੜ ਕੀਤੀ ਹੋਈ AI ਤਸਵੀਰ ਮਿਲੀ ਹੈ। ਬੁੱਧਵਾਰ ਸ਼ਾਮ ਨੂੰ ਆਪਣੀ ਛੇੜਛਾੜ ਕੀਤੀ ਨਿਊਡ ਤਸਵੀਰ ਮਿਲਣ ਤੋਂ ਬਾਅਦ, ਉਨ੍ਹਾਂ ਨੇ ਤੁਰੰਤ ਇਸ ਮਾਮਲੇ ਨੂੰ ਹੈਦਰਾਬਾਦ ਸਿਟੀ ਪੁਲਸ ਕਮਿਸ਼ਨਰ ਵੀ.ਸੀ. ਸੱਜਣਾਰ ਕੋਲ ਉਠਾਇਆ। ਚਿਨਮਈ ਨੇ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ ਅਤੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਉਹ ਔਨਲਾਈਨ ਧਮਕੀਆਂ ਦਾ ਸਾਹਮਣਾ ਕਰ ਰਹੀ ਹੈ।
ਚਿਨਮਈ ਦੇ ਮੁਤਾਬਕ, ਇਹ ਪਰੇਸ਼ਾਨੀ ਉਸ ਸਮੇਂ ਵਧ ਗਈ ਜਦੋਂ ਉਹਨਾਂ ਦੇ ਪਤੀ, ਫਿਲਮਕਾਰ-ਅਦਾਕਾਰ ਰਾਹੁਲ ਰਵਿੰਦਰਨ ਨੇ ਹਾਲ ਹੀ ਵਿੱਚ ਮੰਗਲਸੂਤਰ ਬਾਰੇ ਇੱਕ ਟਿੱਪਣੀ ਕੀਤੀ। ਉਸ ਤੋਂ ਬਾਅਦ ਤੋਂ ਚਿਨਮਈ ਅਤੇ ਉਸਦੇ ਪਰਿਵਾਰ ਨੂੰ ਟ੍ਰੋਲਿੰਗ ਅਤੇ ਧਮਕੀਆਂ ਦਾ ਸਾਹਮਨਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਕੁਝ ਲੋਕ ਉਹਨਾਂ ਦੇ ਬੱਚਿਆਂ ਤੱਕ ਨੂੰ ਮੌਤ ਦੀਆਂ ਧਮਕੀਆਂ ਦੇ ਰਹੇ ਹਨ।
ਗਾਇਕਾ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਟਾਰਗੇਟ ਕੀਤੀ ਜਾ ਰਹੀ ਹੈ, ਖਾਸ ਕਰਕੇ ਜਦੋਂ ਤੋਂ ਉਹ ਇਕ ਲਿਰਿਸਿਸਟ ਵੱਲੋਂ ਆਪਣੇ ਨਾਲ ਹੋਏ ਹਰਾਸਮੈਂਟ ਬਾਰੇ ਖੁੱਲ੍ਹ ਕੇ ਬੋਲੀ ਸੀ। ਉਨ੍ਹਾਂ ਦੱਸਿਆ ਕਿ ਰਾਜਨੀਤਿਕ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ ਕੁੱਝ ਸ਼ੋਸ਼ਲ ਮੀਡੀਆ ਅਕਾਊਂਟ ਉਹਨਾਂ ਬਾਰੇ ਨਫ਼ਰਤ ਭਰੇ ਕਮੈਂਟ ਕਰਦੇ ਹਨ। ਛੇੜਛਾਰ ਕੀਤੀ ਤਸਵੀਰ ਸ਼ੇਅਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਸਭ ਔਰਤਾਂ ਨੂੰ ਡਰਾਉਣ ਅਤੇ ਉਹਨਾਂ ਨੂੰ ਪਬਲਿਕ ਸਪੇਸ ਤੋਂ ਦੂਰ ਕਰਨ ਦੀ ਕੋਸ਼ਿਸ਼ ਹੈ।
ਅੰਤ ਵਿੱਚ, ਚਿਨਮਈ ਨੇ ਔਰਤਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਅਪਰਾਧਾਂ ਦੇ ਖਿਲਾਫ ਚੁੱਪ ਨਾ ਰਹਿਣ ਅਤੇ ਬੇਝਿਝਕ ਕਾਨੂੰਨੀ ਕਾਰਵਾਈ ਕਰਨ। ਉਹਨਾਂ ਨੇ ਕਿਹਾ ਕਿ ਡੀਪਫੇਕ ਅਤੇ AI ਦੇ ਵਧਦੇ ਕਹਿਰ ਦੇ ਕਾਰਨ ਭਵਿੱਖ ਵਿੱਚ ਹੋਰ ਔਰਤਾਂ ਵੀ ਇਸ ਤਰ੍ਹਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਸਕਦੀਆਂ ਹਨ, ਇਸ ਲਈ ਸਖ਼ਤ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ।
Credit : www.jagbani.com