ਚੰਡੀਗੜ੍ਹ : ਸੈਕਟਰ 25 ਦੇ ਰਹਿਣ ਵਾਲੇ ਤਿੰਨ ਨੌਜਵਾਨ, ਜੋ ਪੰਚਕੂਲਾ ਦੇ ਇੱਕ ਕਲੱਬ ਵਿੱਚ ਪਾਰਟੀ ਕਰਕੇ ਵਾਪਸ ਆ ਰਹੇ ਸਨ, ਦੇਰ ਰਾਤ ਕਰੀਬ 2 ਵਜੇ ਸੈਕਟਰ 7/18 ਰੋਡ 'ਤੇ ਲਗਾਏ ਗਏ ਐਂਟੀ-ਡਰੰਕ ਡਰਾਈਵਿੰਗ ਨਾਕੇ 'ਤੇ ਬੈਰੀਕੇਡਿੰਗ ਨਾਲ ਟਕਰਾ ਗਏ। ਇਸ ਹਾਦਸੇ ਵਿੱਚ 21 ਸਾਲਾ ਹਨੀ ਉਰਫ ਲਵਲੀ ਦੀ ਮੌਤ ਹੋ ਗਈ, ਜਦੋਂ ਕਿ ਉਸਦੇ ਦੋ ਦੋਸਤ ਵਿਸ਼ਾਲ (20) ਅਤੇ ਲਕਸ਼ਿਤ (21) ਜ਼ਖਮੀ ਹੋ ਗਏ। ਹਨੀ ਇੱਕ ਗਾਇਕ ਸੀ ਅਤੇ ਹਾਰਮੋਨੀਅਮ ਵਜਾਉਣ ਦਾ ਕੰਮ ਵੀ ਕਰਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਤਿੰਨੋਂ ਨੌਜਵਾਨ ਬਿਨਾਂ ਹੈਲਮੇਟ ਤੋਂ ਤੇਜ਼ ਰਫਤਾਰ ਬਾਈਕ 'ਤੇ ਸਵਾਰ ਸਨ। ਬਾਈਕ ਲਕਸ਼ਿਤ ਚਲਾ ਰਿਹਾ ਸੀ ਅਤੇ ਹਨੀ ਸਭ ਤੋਂ ਪਿੱਛੇ ਬੈਠਾ ਸੀ। ਜਦੋਂ ਉਨ੍ਹਾਂ ਨੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਪਹਿਲਾ ਬੈਰੀਕੇਡ ਪਾਰ ਕਰਦੇ ਹੀ ਬਾਈਕ ਬੇਕਾਬੂ ਹੋ ਗਈ ਅਤੇ ਦੂਜੇ ਬੈਰੀਕੇਡ ਨਾਲ ਟਕਰਾ ਗਈ। ਇਸ ਟੱਕਰ ਕਾਰਨ ਹਨੀ ਦਾ ਸਿਰ ਬੈਰੀਕੇਡ ਨਾਲ ਵੱਜਿਆ ਅਤੇ ਉਹ ਚੱਲਦੀ ਬਾਈਕ ਤੋਂ ਹੇਠਾਂ ਡਿੱਗ ਗਿਆ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮੁਤਾਬਕ ਮੈਡੀਕਲ ਜਾਂਚ ਵਿੱਚ ਲਕਸ਼ਿਤ ਅਤੇ ਵਿਸ਼ਾਲ ਦੇ ਨਸ਼ੇ ਵਿੱਚ ਹੋਣ ਦੀ ਪੁਸ਼ਟੀ ਹੋਈ ਹੈ।
ਹਨੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ 'ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਮ੍ਰਿਤਕ ਦੇ ਭਰਾ ਅਤੇ ਮਾਂ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮਾਂ ਨੇ ਬਾਈਕ ਨੂੰ ਜ਼ਬਰਦਸਤੀ ਰੋਕਣ ਲਈ ਚੱਲਦੀ ਬਾਈਕ ਦੇ ਅੱਗੇ ਬੈਰੀਕੇਡ ਫਸਾਇਆ, ਜਿਸ ਕਾਰਨ ਹਨੀ ਦਾ ਸਿਰ ਬੈਰੀਕੇਡ ਨਾਲ ਟਕਰਾਇਆ ਅਤੇ ਉਸਦੀ ਮੌਤ ਹੋ ਗਈ। ਸੈਕਟਰ 7 ਥਾਣਾ ਪੁਲਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਐਸ.ਐਚ.ਓ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Credit : www.jagbani.com