ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਗ੍ਰੀਨਲੈਂਡ ਉੱਤੇ ਕਬਜਾ ਕਰਨ ਲਈ ਫੌਜ ਨੂੰ ਪਲਾਨ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਗ੍ਰੀਨਲੈਂਡ ਉੱਤੇ ਪਹਿਲਾਂ ਵੀ ਕਬਜੇ ਦੀ ਧਮਕੀ ਦਿੰਦੇ ਰਹਿੰਦੇ ਹਨ ਪਰ ਇਸੇ ਵਿਚਾਲੇ ਖ਼ਬਰ ਆਈ ਹੈ ਕਿ ਉਨ੍ਹਾਂ ਨੇ ਸਪੈਸ਼ਲ ਫੋਰਸ ਕਮਾਂਡਰਾਂ ਨੂੰ ਸੰਭਾਵਿਤ ਹਮਲੇ ਦੀ ਯੋਜਨਾ ਬਣਾਉਣ ਲਈ ਕਿਹਾ ਹੈ। ਹਲਾਂਕਿ ਅਮਰੀਕੀ ਫੌਜ ਦੇ ਉੱਚ ਅਧਿਕਾਰੀਆਂ ਵੱਲੋਂ ਟਰੰਪ ਦੇ ਇਸ ਫੈਸਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਸਰੋਤਾਂ ਅਨੁਸਾਰ, ਜੁਆਇੰਟ ਚੀਫਸ ਆਫ ਸਟਾਫ ਨੇ ਇਸ ਫੈਸਲੇ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੇ ਖਿਲਾਫ ਦੱਸਿਆ ਹੈ। ਫੌਜੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਕਦਮ ਨਾ ਸਿਰਫ ਗੈਰ-ਕਾਨੂੰਨੀ ਹੈ, ਬਲਕਿ ਅਮਰੀਕੀ ਕਾਂਗਰਸ ਵੀ ਇਸ ਦਾ ਸਮਰਥਨ ਨਹੀਂ ਕਰੇਗੀ। ਰਿਪੋਰਟਾਂ ਮੁਤਾਬਕ, ਟ੍ਰੰਪ ਦੇ ਸਿਆਸੀ ਸਲਾਹਕਾਰ ਸਟੀਫਨ ਮਿਲਰ ਇਸ ਯੋਜਨਾ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾ ਰਹੇ ਹਨ। ਫੌਜੀ ਅਧਿਕਾਰੀ ਇਸ ਸਮੇਂ ਟ੍ਰੰਪ ਦਾ ਧਿਆਨ ਇਸ ਮੁੱਦੇ ਤੋਂ ਭਟਕਾਉਣ ਲਈ ਰੂਸ ਦੇ 'ਘੋਸਟ ਜਹਾਜ਼ਾਂ' ਨੂੰ ਰੋਕਣ ਜਾਂ ਇਰਾਨ ਵਿਰੁੱਧ ਸੀਮਤ ਕਾਰਵਾਈ ਵਰਗੇ ਹੋਰ ਵਿਕਲਪਾਂ ਦੀ ਪੇਸ਼ਕਸ਼ ਕਰ ਰਹੇ ਹਨ।
ਚੀਨ ਅਤੇ ਰੂਸ ਦਾ ਡਰ ਅਤੇ ਘਰੇਲੂ ਰਾਜਨੀਤੀ
ਟ੍ਰੰਪ ਦਾ ਤਰਕ ਹੈ ਕਿ ਜੇਕਰ ਅਮਰੀਕਾ ਨੇ ਜਲਦੀ ਕਦਮ ਨਾ ਚੁੱਕਿਆ, ਤਾਂ ਰੂਸ ਜਾਂ ਚੀਨ ਗ੍ਰੀਨਲੈਂਡ 'ਤੇ ਆਪਣਾ ਕਬਜ਼ਾ ਜਮਾ ਸਕਦੇ ਹਨ। ਹਾਲਾਂਕਿ, ਬ੍ਰਿਟਿਸ਼ ਰਾਜਦੂਤਾਂ ਦਾ ਮੰਨਣਾ ਹੈ ਕਿ ਇਸ ਪਿੱਛੇ ਅਸਲ ਕਾਰਨ ਅਮਰੀਕਾ ਦੀਆਂ ਆਉਣ ਵਾਲੀਆਂ ਮੱਧਕਾਲੀ ਚੋਣਾਂ ਹਨ। ਟ੍ਰੰਪ ਪ੍ਰਸ਼ਾਸਨ ਦੇਸ਼ ਦੀ ਡਗਮਗਾ ਰਹੀ ਆਰਥਿਕਤਾ ਤੋਂ ਜਨਤਾ ਦਾ ਧਿਆਨ ਹਟਾ ਕੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਵੱਲ ਮੋੜਨਾ ਚਾਹੁੰਦਾ ਹੈ।
ਨਾਟੋ ਦੇ ਟੁੱਟਣ ਦਾ ਖਤਰਾ
ਰਾਜਨੀਤਿਕ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਅਜਿਹਾ ਕੋਈ ਕਦਮ ਚੁੱਕਦਾ ਹੈ, ਤਾਂ ਇਸ ਨਾਲ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਟਕਰਾਅ ਵਧੇਗਾ ਅਤੇ ਨਾਟੋ ਵਰਗੇ ਮਜ਼ਬੂਤ ਸੈਨਿਕ ਗਠਜੋੜ ਦੇ ਟੁੱਟਣ ਦਾ ਖਤਰਾ ਪੈਦਾ ਹੋ ਜਾਵੇਗਾ। ਦੂਜੇ ਪਾਸੇ, ਗ੍ਰੀਨਲੈਂਡ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਇਕਜੁੱਟ ਹੋ ਕੇ ਐਲਾਨ ਕੀਤਾ ਹੈ ਕਿ ਉਹ ਨਾ ਤਾਂ ਅਮਰੀਕੀ ਬਣਨਾ ਚਾਹੁੰਦੇ ਹਨ ਅਤੇ ਨਾ ਹੀ ਡੈਨਮਾਰਕ ਦੇ ਅਧੀਨ ਰਹਿਣਾ ਚਾਹੁੰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਗ੍ਰੀਨਲੈਂਡ ਦੇ ਭਵਿੱਖ ਦਾ ਫੈਸਲਾ ਉੱਥੋਂ ਦੇ ਸਥਾਨਕ ਲੋਕ ਹੀ ਕਰਨਗੇ।
Credit : www.jagbani.com