ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਤੇਜ਼ ਹਵਾਵਾਂ ਚੱਲਣ ਨਾਲ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਤੇਜ਼ ਹਵਾਵਾਂ ਚੱਲਣ ਨਾਲ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ : ਚੰਡੀਗੜ੍ਹ ਸਮੇਤ ਟ੍ਰਾਈਸਿਟੀ ਖੇਤਰ ’ਚ ਸ਼ਨੀਵਾਰ ਤੋਂ ਅਗਲੇ ਚਾਰ ਦਿਨਾਂ ਤੱਕ ਮੌਸਮ ’ਚ ਬਦਲਾਅ ਦੇ ਅਸਾਰ ਬਣ ਗਏ ਹਨ। ਮੌਸਮ ਵਿਭਾਗ ਨੇ ਇਲਾਕੇ ਲਈ ਪੀਲਾ ਅਲਰਟ ਜਾਰੀ ਕਰਦੇ ਹੋਏ ਮੀਂਹ, ਗਰਜ ਤੇ ਬਿਜਲੀ ਡਿੱਗਣ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਦੇ ਅਨੁਸਾਰ ਇਸ ਦੌਰਾਨ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ। ਇਸ ਕਾਰਨ ਮੌਸਮ ਅਚਾਨਕ ਤਬਦੀਲ ਹੋ ਸਕਦਾ ਹੈ। ਮੌਸਮ ਵਿਭਾਗ ਦੇ ਮੁੱਖੀ ਸੁਰਿੰਦਰ ਪਾਲ ਦੇ ਅਨੁਸਾਰ ਚੰਡੀਗੜ੍ਹ ਅਤੇ ਟ੍ਰਾਈਸਿਟੀ ’ਚ 15 ਮਾਰਚ ਤੱਕ ਅੰਸ਼ਿਕ ਤੌਰ ’ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਕਰੀਬ 29 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ ਹੈ, ਜਦਕਿ ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਮੌਸਮ ਵਿਭਾਗ ਨੇ ਇਹ ਵੀ ਦੱਸਿਆ ਕਿ 14 ਤੋਂ 16 ਮਾਰਚ ਦਰਮਿਆਨ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਅਗਲੇ ਤਿੰਨ ਦਿਨਾਂ ਦਾ ਮੌਸਮ

ਮੌਸਮ ਵਿਭਾਗ ਦੇ ਅਨੁਸਾਰ ਸੋਮਵਾਰ ਨੂੰ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗੀ ਅਤੇ ਕਦੇ-ਕਦੇ ਮੀਂਹ ਪੈ ਸਕਦਾ ਹੈ। ਇਸ ਦੌਰਾਨ ਤਾਪਮਾਨ 'ਚ ਕਰੀਬ 1 ਡਿਗਰੀ ਸੈਲਸੀਅਸ ਵਾਧਾ ਦਰਜ ਹੋ ਸਕਦਾ ਹੈ। ਮੰਗਲਵਾਰ ਨੂੰ ਵੀ ਅੰਸ਼ਿਕ ਬੱਦਲਵਾਈ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ ਬਣੀ ਰਹੇਗੀ, ਜਦੋਂ ਕਿ ਤਾਪਮਾਨ ਵਿੱਚ ਕੋਈ ਵੱਡਾ ਉਤਾਰ-ਚੜ੍ਹਾਅ ਨਹੀਂ ਆਵੇਗਾ।

ਪੰਜਾਬ-ਹਰਿਆਣਾ ਦੇ ਕਈ ਹਿੱਸਿਆਂ ’ਚ ਵੀ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 14 ਤੋਂ 16 ਮਾਰਚ ਦਰਮਿਆਨ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਬੱਦਲਵਾਈ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੁੱਝ ਥਾਵਾਂ ’ਤੇ ਗਰਜ-ਚਮਕ ਨਾਲ ਮੀਂਹ ਅਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਇਸ ਨਾਲ ਦਿਨ ਦੇ ਤਾਪਮਾਨ ’ਚ ਘਟਾਅ ਆ ਸਕਦੀ ਹੈ ਅਤੇ ਮਾਰਚ ਦੀ ਸ਼ੁਰੂਆਤੀ ਗਰਮੀ ਤੋਂ ਲੋਕਾਂ ਨੂੰ ਕੁੱਝ ਰਾਹਤ ਮਿਲ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 

Credit : www.jagbani.com

  • TODAY TOP NEWS