ਚੰਡੀਗੜ੍ਹ: ਪੰਜਾਬ ਦੇ SDMF ਫੰਡ ਦਾ ਮਸਲਾ ਇਕ ਵਾਰ ਫ਼ਿਰ ਚਰਚਾ ਵਿਚ ਆ ਗਿਆ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਖ਼ੁਦ ਮੰਨ ਰਹੇ ਹਨ ਕਿ ਕੇਂਦਰ ਸਰਕਾਰ ਵੱਲੋਂ 13 ਹਜ਼ਾਰ ਕਰੋੜ ਰੁਪਏ ਪੰਜਾਬ ਨੂੰ ਦਿੱਤੇ ਗਏ ਸਨ, ਪਰ ਪਹਿਲਾਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਦੁਰਵਰਤੋਂ ਕਰ ਲਈ ਸੀ ਤੇ ਅਸੀਂ ਹੁਣ ਉਸ ਨੂੰ ਸਹੀ ਪਾਸੇ ਵਰਤ ਰਹੇ ਹਾਂ। ਜਾਖੜ ਨੇ ਮੁੱਖ ਮੰਤਰੀ ਮਾਨ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਇਹ ਗੱਲ ਆਖ਼ ਰਹੇ ਹਨ।
ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕਕ ਸਵਾਲ ਦੇ ਜਵਾਬ ਵਿਚ ਦੱਸ ਰਹੇ ਹਨ ਕਿ "ਅਸੀਂ ਹੁਣ ਤਕ SDMF ਵਿਚੋਂ 195 ਕੰਮਾਂ ਲਈ 477 ਕਰੋੜ ਰੁਪਏ ਖਰਚੇ ਹਨ। ਹੜ੍ਹਾਂ ਵੇਲੇ ਕੇਂਦਰ ਸਰਕਾਰ ਕਹਿੰਦੀ ਸੀ ਕਿ ਪੰਜਾਬ ਕੋਲ 12-13 ਹਜ਼ਾਰ ਕਰੋੜ ਰੁਪਏ ਪਏ ਹਨ, ਉਹ ਸਾਰਾ ਪਹਿਲਾਂ ਵਾਲੇ ਇੱਧਰ-ਉੱਧਰ ਵਰਤ ਗਏ, ਜੇ ਸਹੀ ਜਗ੍ਹਾ ਵਰਤਿਆ ਹੁੰਦਾ ਤਾਂ ਸ਼ਾਇਦ ਹੜ੍ਹਾਂ ਕਾਰਨ ਨੁਕਸਾਨ ਘੱਟ ਹੁੰਦਾ, ਹੁਣ ਅਸੀਂ ਉਸ ਪੈਸੇ ਨੂੰ ਸਹੀ ਤਰੀਕੇ ਵਰਤ ਰਹੇ ਹਾਂ।"
ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹਾਂ ਦੌਰਾਨ ਪੰਜਾਬ ਵਿਚੋਂ ਹੋ ਗਏ ਹਨ, ਉਸ ਤੋਂ ਬਾਅਦ 'ਆਪ' ਤੇ ਕਾਂਗਰਸ ਵੱਲੋਂ ਲਗਾਤਾਰ ਇਹ ਗੱਲ ਆਖੀ ਜਾ ਰਹੀ ਸੀ ਕਿ ਸਾਨੂੰ ਕੋਈ ਪੈਸਾ ਆਇਆ ਹੀ ਨਹੀਂ ਤੇ ਹੁਣ ਭਗਵੰਤ ਮਾਨ 13 ਹਜ਼ਾਰ ਕਰੋੜ ਰੁਪਏ ਮੰਨ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਤੰਬਰ ਵਿਚ ਸਤੰਬਰ ਮਹੀਨੇ ਪੰਜਾਬ ਆਏ ਸੀ ਤੇ ਮੁੱਖ ਮੰਤਰੀ ਨੂੰ 13 ਹਜ਼ਾਰ ਕਰੋੜ ਰੁਪਏ ਲੱਭਣ ਲਈ 6 ਮਹੀਨੇ ਲੱਗ ਗਏ। ਉਨ੍ਹਾਂ ਇਹ ਵੀ ਆਖਿਆ ਕਿ ਭਗਵੰਤ ਮਾਨ ਜਿੰਨ੍ਹਾਂ ਲੋਕਾਂ 'ਤੇ ਇਸ ਫੰਡ ਦੀ ਦੁਰਵਰਤੋਂ ਦਾ ਦੋਸ਼ ਲਗਾ ਰਹੇ ਹਨ, ਉਹ ਲੋਕ ਸਭਾ ਵਿਚ ਅਜੇ ਵੀ ਝੂਠ ਬੋਲ ਰਹੇ ਹਨ ਕਿ ਪੰਜਾਬ ਨੂੰ ਕੋਈ ਪੈਸਾ ਹੀ ਨਹੀਂ ਦਿੱਤਾ ਗਿਆ।
ਭਾਜਪਾ ਪ੍ਰਧਾਨ ਨੇ ਅੱਗੇ ਆਖਿਆ ਕਿ ਇਹ ਸਭ ਕੁਝ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਪੰਜਾਬ ਵਿਚ ਕੇਂਦਰ ਸਰਕਾਰ ਤੇ ਭਾਜਪਾ ਦੇ ਖ਼ਿਲਾਫ਼ ਜਾਣ ਬੁਝ ਕੇ ਮਾਹੌਲ ਸਿਰਜਿਆ ਜਾ ਰਿਹਾ ਹੈ, ਪਰ ਇਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਰਹੱਦੀ ਸੂਬੇ ਵਿਚ ਕੇਂਦਰ ਦੇ ਨਾਲ ਅਜਿਹਾ ਟਕਰਾਅ ਵਾਲਾ ਰਵਈਆ ਹੋਣਾ ਬਿਲਕੁਲ ਵੀ ਠੀਕ ਨਹੀਂ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਤਾਂ ਕਹਿੰਦੇ ਹਨ ਕਿ ਪੰਜਾਬ ਲਈ ਸਾਡੇ ਦਰਵਾਜ਼ੇ ਖੁੱਲ੍ਹੇ ਹਨ। ਇਸ ਦੇ ਨਾਲ ਹੀ ਜਾਖੜ ਨੇ ਇਹ ਵੀ ਦਾਅਵਾ ਕੀਤਾ ਕਿ CM ਮਾਨ ਵੱਲੋਂ ਬੀਜ ਬਿੱਲ ਬਾਰੇ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Credit : www.jagbani.com