ਜਲੰਧਰ : ਪੰਜਾਬ ਦਾ ਸਿਆਸੀ ਮਾਹੌਲ ਇਸ ਸਮੇਂ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਹ ਮਾਮਲਾ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ਨਾਲ ਜੁੜਿਆ ਹੋਇਆ ਹੈ। ਆਪਣੀ ਜਾਨ ਲੈਣ ਤੋਂ ਪਹਿਲਾਂ ਅਧਿਕਾਰੀ ਵਲੋਂ ਰਿਕਾਰਡ ਕੀਤੀ ਗਈ ਇੱਕ ਵੀਡੀਓ 'ਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਚ ਮੰਤਰੀ ਲਾਲਜੀਤ ਭੁੱਲਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਘਟਨਾਕ੍ਰਮ ਤੋਂ ਕੁੱਝ ਦਿਨ ਪਹਿਲਾਂ ਉਪਰੋਕਤ ਅਧਿਕਾਰੀ ਵੱਲੋਂ ਵੇਅਰਹਾਊਸ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਤੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵੀ ਸਾਹਮਣੇ ਆਏ ਹਨ।
ਇਨ੍ਹਾਂ ਪੱਤਰਾਂ 'ਚ ਅਧਿਕਾਰੀ ਨੇ ਲਾਲਜੀਤ ਭੁੱਲਰ 'ਤੇ ਆਪਣੇ ਪਿਤਾ ਦੇ ਨਾਂ 'ਤੇ ਗਲਤ ਤਰੀਕੇ ਨਾਲ ਵੇਅਰ ਹਾਊਸ ਦੇ ਗੋਦਾਮ ਦੇ ਟੈਂਡਰ ਜਾਰੀ ਨਾ ਕਰਨ ਦੇ ਵਿਰੋਧ 'ਚ ਦਫ਼ਤਰ ਬੁਲਾ ਕੇ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। ਇਸ ਮਾਮਲੇ ਦੇ ਸਬੰਧ 'ਚ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਲਾਲਜੀਤ ਭੁੱਲਰ ਵਲੋਂ ਬੰਦੂਕ ਦੀ ਨੋਕ 'ਤੇ ਉਸ ਨੂੰ ਟੈਂਡਰ ਗਲਤ ਢੰਗ ਨਾਲ ਜਾਰੀ ਕਰਨ ਦੇ ਬਦਲੇ 10 ਲੱਖ ਦੀ ਰਿਸ਼ਵਤ ਲੈਣ ਦੀ ਗੱਲ ਕਬੂਲ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਹਾਲਾਂਕਿ ਇਸ ਘਪਲੇ ਦੇ ਖ਼ੁਲਾਸੇ ਤੋਂ ਬਾਅਦ ਲਾਲਜੀਤ ਭੁੱਲਰ ਦਾ ਮੰਤਰੀ ਅਹੁਦੇ ਤੋਂ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਫਿਰ ਵੀ ਵਿਰੋਧੀ ਪਾਰਟੀਆਂ ਇਸ ਕਾਰਵਾਈ ਤੋਂ ਅਸੰਤੁਸ਼ਟ ਹਨ। ਉਨ੍ਹਾਂ ਨੇ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਿੱਟੇ ਵਜੋਂ ਤਿੰਨੋਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਜਿਨ੍ਹਾਂ 'ਚ ਕਾਂਗਰਸੀ ਆਗੂ ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ ਅਤੇ ਸੰਸਦ ਮੈਂਬਰ ਗੁਰਜੀਤ ਔਜਲਾ, ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਅਤੇ ਭਾਜਪਾ ਆਗੂ ਸੁਨੀਲ ਜਾਖੜ ਸ਼ਾਮਲ ਹਨ, ਨੇ ਖੁਦਕੁਸ਼ੀ ਕਰਨ ਵਾਲੇ ਅਧਿਕਾਰੀ ਦੇ ਪਰਿਵਾਰ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਦੇਰ ਰਾਤ ਤੱਕ ਅੰਮ੍ਰਿਤਸਰ ਵਿੱਚ ਧਰਨਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com