ਲੰਡਨ/ਦੋਹਾ (ਵਾਰਤਾ): ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਜਾਰੀ ਈਰਾਨ-ਇਜ਼ਰਾਈਲ ਜੰਗ ਦੇ ਦਰਮਿਆਨ ਇੱਕ ਵੱਡੀ ਫੌਜੀ ਹਲਚਲ ਦੇਖਣ ਨੂੰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਦੀ ਇੱਕ ਪ੍ਰਮਾਣੂ-ਸ਼ਕਤੀ ਨਾਲ ਚੱਲਣ ਵਾਲੀ ਪਣਡੁੱਬੀ ਅਰਬ ਸਾਗਰ ਵਿੱਚ ਪਹੁੰਚ ਗਈ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਅਮਰੀਕਾ ਨੇ ਸੰਕੇਤ ਦਿੱਤਾ ਹੈ ਕਿ ਉਹ ਈਰਾਨ ਵਿਰੁੱਧ ਆਪਣੀਆਂ ਫੌਜੀ ਕਾਰਵਾਈਆਂ ਨੂੰ ਤੇਜ਼ ਕਰ ਰਿਹਾ ਹੈ। ਬ੍ਰਿਟਿਸ਼ ਮੀਡੀਆ, ਡੇਲੀ ਮੇਲ ਦੀ ਇੱਕ ਰਿਪੋਰਟ ਦੇ ਅਨੁਸਾਰ ਐਚਐਮਐਸ ਐਨਸਨ ਨਾਮ ਦੀ ਪਣਡੁੱਬੀ 6 ਮਾਰਚ ਨੂੰ ਆਸਟ੍ਰੇਲੀਆ ਦੇ ਪਰਥ ਤੋਂ ਰਵਾਨਾ ਹੋਈ ਸੀ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਇਸਨੂੰ ਹੋਰਮੁਜ਼ ਜਲਡਮਰੂ ਦੇ ਨੇੜੇ ਉੱਤਰੀ ਅਰਬ ਸਾਗਰ ਵਿੱਚ ਤਾਇਨਾਤ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਣਡੁੱਬੀ ਟੋਮਾਹਾਕ ਬਲਾਕ-4 ਲੈਂਡ-ਅਟੈਕ ਮਿਜ਼ਾਈਲਾਂ ਨਾਲ ਲੈਸ ਹੈ, ਜਿਨ੍ਹਾਂ ਦੀ ਰੇਂਜ ਲਗਭਗ 1,600 ਕਿਲੋਮੀਟਰ ਹੈ। ਇਹ ਸਪੀਅਰਫਿਸ਼ ਹੈਵੀਵੇਟ ਟਾਰਪੀਡੋ ਨਾਲ ਵੀ ਲੈਸ ਹੈ।
ਡਿਏਗੋ ਗਾਰਸੀਆ 'ਤੇ ਹਮਲੇ ਦਾ ਜਵਾਬ?
ਤੈਨਾਤੀ ਅਜਿਹੇ ਸਮੇਂ ਹੋਈ ਹੈ ਜਦੋਂ ਈਰਾਨ ਨੇ ਹਾਲ ਹੀ ਵਿੱਚ ਹਿੰਦ ਮਹਾਂਸਾਗਰ ਵਿੱਚ ਸਥਿਤ ਬ੍ਰਿਟਿਸ਼ ਅਤੇ ਅਮਰੀਕਾ ਦੇ ਸਾਂਝੇ ਫੌਜੀ ਅੱਡੇ 'ਡਿਏਗੋ ਗਾਰਸੀਆ' 'ਤੇ 4,000 ਕਿਲੋਮੀਟਰ ਦੂਰ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਮਾਹਰਾਂ ਦਾ ਮੰਨਣਾ ਹੈ ਕਿ ਬ੍ਰਿਟੇਨ ਨੇ ਆਪਣੀ ਪ੍ਰਮਾਣੂ ਪਣਡੁੱਬੀ ਨੂੰ ਅਰਬ ਸਾਗਰ ਵਿੱਚ ਉਤਾਰ ਕੇ ਈਰਾਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਲਈ ਖ਼ਤਰੇ ਦੀ ਘੰਟੀ! 22 ਦੇਸ਼ਾਂ ਨੇ ਸਖ਼ਤ ਕਾਰਵਾਈ ਦੀ ਦਿੱਤੀ ਧਮਕੀ
ਤੇਲ ਮਾਰਗਾਂ ਦੀ ਸੁਰੱਖਿਆ ਲਈ 22 ਦੇਸ਼ ਇਕਜੁੱਟ
ਜ਼ਿਕਰਯੋਗ ਹੈ ਕਿ ਬ੍ਰਿਟੇਨ ਸਮੇਤ 22 ਸ਼ਕਤੀਸ਼ਾਲੀ ਦੇਸ਼ਾਂ ਨੇ ਹੋਰਮੁਜ਼ ਸਟ੍ਰੇਟ (Strait of Hormuz) ਵਿੱਚ ਈਰਾਨੀ 'ਸਮੁੰਦਰੀ ਗੁੰਡਾਗਰਦੀ' ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ। ਹੋਰਮੁਜ਼ ਜਲਮਾਰਗ ਦੁਨੀਆ ਦੀ 20 ਫੀਸਦੀ ਤੇਲ ਅਤੇ ਗੈਸ ਸਪਲਾਈ ਲਈ ਬੇਹੱਦ ਅਹਿਮ ਹੈ। ਪ੍ਰਮਾਣੂ ਪਣਡੁੱਬੀ ਦੀ ਇਸ ਖੇਤਰ ਵਿੱਚ ਮੌਜੂਦਗੀ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਈਰਾਨੀ ਡਰੋਨ ਹਮਲਿਆਂ ਨੂੰ ਰੋਕਣ ਲਈ ਚੁੱਕਿਆ ਗਿਆ ਇੱਕ ਵੱਡਾ ਕਦਮ ਹੈ।
ਪੜ੍ਹੋ ਇਹ ਅਹਿਮ ਖ਼ਬਰ- Trump ਦੇ ਨਾਂ ਹੋਵੇਗੀ ਨਵੀਂ ਉਪਲਬਧੀ: ਜਾਰੀ ਹੋਵੇਗਾ ਸੋਨੇ ਦਾ ਸਿੱਕਾ
ਟਰੰਪ ਦੇ ਅਲਟੀਮੇਟਮ ਤੋਂ ਬਾਅਦ ਵਧਿਆ ਤਣਾਅ
ਇਸ ਫੌਜੀ ਤੈਨਾਤੀ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਹੋਰਮੁਜ਼ ਜਲਮਾਰਗ ਨਾ ਖੋਲ੍ਹਿਆ ਗਿਆ ਤਾਂ ਈਰਾਨ ਦੇ ਊਰਜਾ ਪਲਾਂਟਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਹੁਣ ਪ੍ਰਮਾਣੂ ਪਣਡੁੱਬੀ ਦੇ ਅਰਬ ਸਾਗਰ ਵਿੱਚ ਪਹੁੰਚਣ ਨਾਲ ਖੇਤਰ ਵਿੱਚ ਜੰਗੀ ਹਾਲਾਤ ਹੋਰ ਵੀ ਨਾਜ਼ੁਕ ਹੋ ਗਏ ਹਨ। ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੱਧ ਪੂਰਬ ਵਿੱਚ ਪਣਡੁੱਬੀ ਦੀ ਤਾਇਨਾਤੀ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਈਰਾਨ ਵਿਰੁੱਧ ਹਮਲਿਆਂ ਲਈ ਅਮਰੀਕਾ ਨੂੰ ਬ੍ਰਿਟਿਸ਼ ਫੌਜੀ ਠਿਕਾਣਿਆਂ ਦੀ ਵਰਤੋਂ ਕਰਨ ਦੀ ਆਗਿਆ ਦੇਣ ਲਈ ਸਹਿਮਤੀ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com